ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ''ਚ 2 ਸਾਲ ਦੀ ਕੈਦ
Wednesday, Feb 28, 2018 - 11:56 PM (IST)

ਹੁਸ਼ਿਆਰਪੁਰ, (ਅਮਰਿੰਦਰ)- ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ 'ਚ ਰਮਨਦੀਪ ਸਿੰਘ ਉਰਫ ਰਮਨੀਤ ਪੁੱਤਰ ਮੁਖਤਿਆਰ ਸਿੰਘ ਵਾਸੀ ਭਾਦਲ ਨੀਚਾ (ਖੰਨਾ) ਨੂੰ ਕਰੀਬ 7 ਸਾਲ ਬਾਅਦ ਦੋਸ਼ੀ ਕਰਾਰ ਦਿੰਦਿਆਂ ਅੱਜ ਸਿਵਲ ਜੱਜ ਜੂਨੀਅਰ ਡਵੀਜ਼ਨ ਗੁਰਸ਼ੇਰ ਸਿੰਘ ਦੀ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਵਰਣਨਯੋਗ ਹੈ ਕਿ ਥਾਣਾ ਸਦਰ ਦੀ ਪੁਲਸ ਵੱਲੋਂ 10 ਅਗਸਤ 2011 ਨੂੰ ਚਿੰਤਪੂਰਨੀ ਰੋਡ 'ਤੇ ਪਿੰਡ ਆਦਮਵਾਲ ਨੇੜੇ ਕੀਤੀ ਨਾਕਾਬੰਦੀ ਦੌਰਾਨ ਉਸ ਸਮੇਂ ਦੇ ਏ. ਐੱਸ. ਆਈ. ਹਰਬੰਸ ਸਿੰਘ ਨੇ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਪੁਲਸ ਨੇ ਰਮਨਦੀਪ ਸਿੰਘ ਉਰਫ ਰਮਨੀਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ 32 ਬੋਰ ਦਾ ਪਿਸਤੌਲ ਬਰਾਮਦ ਹੋਇਆ। ਪੁਲਸ ਨੇ ਮੋਟਰਸਾਈਕਲ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਹ ਵੀ ਚੋਰੀ ਦਾ ਨਿਕਲਿਆ।
ਪੁਲਸ ਨੇ ਰਮਨਦੀਪ ਅਤੇ ਉਸ ਦੇ ਸਾਥੀ ਦਲਜੀਤ ਸਿੰਘ ਉਰਫ ਲਾਡੀ ਪੁੱਤਰ ਪੂਰਨ ਸਿੰਘ ਵਾਸੀ ਭਾਦਲ ਨੀਚਾ (ਖੰਨਾ) ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ ਦਲਜੀਤ ਸਿੰਘ ਉਰਫ ਲਾਡੀ ਫ਼ਰਾਰ ਹੋ ਗਿਆ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ।