ਜਲੰਧਰ ਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਦੋ ਅਲਟਰਾ ਮਾਡਰਨ ਸਪੋਰਟਸ ਕੰਪਲੈਕਸ: CM ਮਾਨ

Saturday, Sep 27, 2025 - 10:31 PM (IST)

ਜਲੰਧਰ ਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਦੋ ਅਲਟਰਾ ਮਾਡਰਨ ਸਪੋਰਟਸ ਕੰਪਲੈਕਸ: CM ਮਾਨ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ। ਅੱਜ ਇੱਥੇ ਪੰਜਾਬ ਹਾਕੀ ਲੀਗ 2025 ਦੇ ਫਾਈਨਲ ਮੈਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪਹਿਲੀ ਜੂਨੀਅਰ ਹਾਕੀ ਲੀਗ ਪੰਜਾਬ ਹਾਕੀ ਅਤੇ ਰਾਊਂਡ ਗਲਾਸ ਅਕਾਦਮੀ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਕੀ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੀ ਲੀਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦੇ ਫਾਈਨਲ ਜਲੰਧਰ ਵਿੱਚ ਖੇਡੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਲਈ ਤਾਂ ਵੱਖ-ਵੱਖ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਦੇਸ਼ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਯਾਦਗਾਰੀ ਮੌਕਾ ਹੈ ਕਿਉਂਕਿ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ, ਪੰਜਾਬ ਦੇ ਮਹਾਨ ਹਾਕੀ ਖਿਡਾਰੀ, ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਇਕੱਠੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਦਰਸ਼ਨੀ ਮੈਚ ਵਿੱਚ, ਲੈਜੈਂਡ ਇਲੈਵਨ ਦਾ ਸਟਾਰ ਇਲੈਵਨ ਨਾਲ ਮੁਕਾਬਲਾ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਲੈਜੈਂਡ ਇਲੈਵਨ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਗਗਨ ਅਜੀਤ ਸਿੰਘ ਕਰ ਰਹੇ ਸਨ, ਜੋ ਇਸ ਸਮੇਂ ਮਾਲੇਰਕੋਟਲਾ ਦੇ ਐਸਐਸਪੀ ਹਨ, ਜਦੋਂ ਕਿ ਸਟਾਰ ਇਲੈਵਨ ਦੀ ਅਗਵਾਈ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕਰ ਰਹੇ ਸਨ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਨੇ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦਾ ਪਲ ਵੀ ਹੈ ਕਿਉਂਕਿ 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਅਤੇ 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਇਸ ਸਟੇਡੀਅਮ ਵਿੱਚ ਮੌਜੂਦ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਨੇ ਹਾਕੀ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਦੇਸ਼ ਲਈ ਖੇਡਾਂ ‘ਚ ਸਭ ਤੋਂ ਵੱਡਾ ਯੋਗਦਾਨ ਹਾਕੀ ਵਿੱਚ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਜੂਨੀਅਰ ਹਾਕੀ ਲੀਗ ਦਾ ਫਾਈਨਲ ਹੈ ਅਤੇ ਇਸ ਲੀਗ ਦੀ ਖਾਸ ਗੱਲ ਇਹ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਮਾਂ ਖੇਡਣ ਆਈਆਂ। ਉਨ੍ਹਾਂ ਕਿਹਾ ਕਿ ਜੂਨੀਅਰ ਹਾਕੀ ਲੀਗ ਵਿੱਚ ਹੁਣ ਤੱਕ ਸਭ ਤੋਂ ਵੱਧ ਇਨਾਮੀ ਰਾਸ਼ੀ ਰੱਖੀ ਗਈ ਸੀ ਅਤੇ ਇਹ ਲੀਗ ਮੋਹਾਲੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਫਾਈਨਲ ਦੋਆਬੇ ਦੀ ਧਰਤੀ ਜਲੰਧਰ ਵਿੱਚ ਖੇਡਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀਨੀਅਰਾਂ ਲਈ ਬਹੁਤ ਸਾਰੇ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਭਾਰਤ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਨੌਂ ਖਿਡਾਰੀ ਪੰਜਾਬ ਦੇ ਸਨ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਓਲੰਪਿਕ ਜਿੱਥੇ ਭਾਰਤ ਨੇ ਤਗਮੇ ਜਿੱਤੇ ਸਨ, ਹਰ ਵਾਰ ਪੰਜਾਬ ਦੇ ਨੌਂ ਖਿਡਾਰੀ ਟੀਮ ਵਿੱਚ ਸਨ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਪੋਰਟਸ ਕੈਪੀਟਲ ਕਿਹਾ ਜਾਂਦਾ ਹੈ ਅਤੇ ਬਰਲਟਨ ਪਾਰਕ, ਸੁਰਜੀਤ ਹਾਕੀ ਸਟੇਡੀਅਮ ਅਤੇ ਸਪੋਰਟਸ ਕਾਲਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਵਿੱਚ ਚਾਰ ਖਿਡਾਰੀ - ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ - ਜਲੰਧਰ ਤੋਂ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਿੱਚ ਬਣੇ ਫੁੱਟਬਾਲ, ਰਗਬੀ ਬਾਲ ਅਤੇ ਹੋਰ ਖੇਡ ਉਪਕਰਣ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਚੋਟੀ ਦੇ ਬੱਲੇਬਾਜ਼ ਜਲੰਧਰ ਵਿੱਚ ਬਣੇ ਕ੍ਰਿਕਟ ਬੱਲਿਆਂ ਨਾਲ ਖੇਡਦੇ ਹਨ ਅਤੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੀਆਂ ਜੜ੍ਹਾਂ ਜਲੰਧਰ ਤੋਂ ਲੱਗੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਜਨਮੇ ਕ੍ਰਿਕਟਰ ਹਰਭਜਨ ਸਿੰਘ ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ ਅਤੇ ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲੰਧਰ ਨੂੰ ਖੇਡਾਂ ਦੇ ਧੁਰੇ ਵਜੋਂ ਹੋਰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤ ਖਿਡਾਰੀਆਂ ਨੂੰ ਡੀਐਸਪੀ ਅਤੇ ਚਾਰ ਖਿਡਾਰੀਆਂ ਨੂੰ ਪੀਸੀਐਸ ਅਧਿਕਾਰੀ ਨਿਯੁਕਤ ਕੀਤਾ ਹੈ, ਜਿਨ੍ਹਾਂ ਵਿੱਚੋਂ ਨੌਂ ਹਾਕੀ ਖਿਡਾਰੀ, ਇੱਕ ਕ੍ਰਿਕਟਰ ਅਤੇ ਇੱਕ ਐਥਲੀਟ ਸ਼ਾਮਲ ਹਨ। ਉਨ੍ਹਾਂ ਨੇ ਇਸ ਵੱਕਾਰੀ ਸਮਾਗਮ ਨੂੰ ਕਰਵਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇੱਕ ਵੱਡੇ ਖੇਡ ਪ੍ਰੇਮੀ ਹਨ ਅਤੇ ਇਸੇ ਲਈ ਖੇਡਾਂ ਨੂੰ ਹੁਲਾਰਾ ਦੇਣ ਵਾਸਤੇ ਉਨ੍ਹਾਂ ਨੇ ਖੇਡ ਵਿਭਾਗ ਦਾ ਚਾਰਜ ਆਪਣੇ ਕੋਲ ਰੱਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬੇ ਦੇ ਪਿੰਡਾਂ ਵਿੱਚ 3000 ਤੋਂ ਵੱਧ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਹੀ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀਆਂ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਦੇ ਬਰਲਟਨ ਪਾਰਕ ਨੂੰ ਪਹਿਲਾਂ ਹੀ ਇੱਕ ਖੇਡ ਧੁਰੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਹੁਣ ਅੰਮ੍ਰਿਤਸਰ ਵਿਖੇ ਵੀ ਵਿਸ਼ਵ ਪੱਧਰੀ ਖੇਡ ਕੇਂਦਰ ਵਿਕਸਤ ਕੀਤਾ ਜਾਵੇਗਾ।

ਇਸ ਦੌਰਾਨ  ਕੈਬਨਿਟ ਮੰਤਰੀ ਮੋਹਿੰਦਰ ਭਗਤ, ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਹੋਰਨਾਂ ਨੇ ਚੜ੍ਹਦੀ ਕਲਾ ਮਿਸ਼ਨ ਵਿੱਚ ਯੋਗਦਾਨ ਵਜੋਂ ਮੁੱਖ ਮੰਤਰੀ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੱਖ-ਵੱਖ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਓਲੰਪੀਅਨਾਂ ਦਾ ਸਨਮਾਨ ਵੀ ਕੀਤਾ।


author

Inder Prajapati

Content Editor

Related News