ਪਠਾਨਕੋਟ ’ਚ ਫੜੇ ਗਏ ਰਾਜਸਥਾਨ ਦੇ ਦੋ ਤਸਕਰ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
Wednesday, Dec 28, 2022 - 04:38 PM (IST)
ਪਠਾਨਕੋਟ (ਜੋਤੀ) : ਪਠਾਨਕੋਟ ਪੁਲਸ ਨੇ ਰਾਜਸਥਾਨ ਦੇ ਦੋ ਅਫੀਮ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 3.02 ਕਿੱਲੋ ਅਫੀਮ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੀ ਪਛਾਣ ਰਾਜੇਸ਼ (26) ਅਤੇ ਸੁਨੀਲ (21) ਨਿਵਾਸੀ ਓਚੀ ਅਲਦਾ ਬਿਸ਼ਨੋਈ ਦੀ ਢਾਣੀ, ਰਾਤੰਡਾ, ਜੋਧਪੁਰ ਸ਼ਹਿਰ, ਰਾਜਸਥਾਨ ਦੇ ਰੂਪ ਵਿਚ ਹੋਈ ਹੈ। ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਇਸ ਸੰਬੰਧ ਵਿਚ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਪੁਲਸ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖ਼ਤਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਪੁਲਸ ਨੂੰ ਇਕ ਗੁਪਤਾ ਸੂਚਨਾ ਮਿਲੀ ਸੀ ਕਿ ਦੋ ਤਸਕਰ ਰਾਜਸਥਾਨ ਤੋਂ ਪਠਾਨਕੋਟ ਅਫੀਮ ਆਪਣੇ ਗ੍ਰਾਹਕਾਂ ਨੂੰ ਵੇਚਣ ਲਈ ਇਥੋਂ ਦੇ ਮਲਕਪੁਰ ਅੱਡਾ ਲੈ ਕੇ ਜਾ ਰਹੇ ਹਨ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. (ਡੀ) ਰਵਿੰਦਰ ਕੁਮਾਰ ਰੂਬੀ ਦੀ ਅਗਵਾਈ ਵਿਚ ਐੱਸ. ਆਈ. ਸੁਰਿੰਦਰ ਸਿੰਘ ਮੁਖੀ ਸੀ. ਆਈ. ਏ. ਪਠਾਨਕੋਟ ਸਮੇਤ ਇਕ ਪੁਲਸ ਟੀਮ ਨੂੰ ਤੁਰੰਤ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਾ ਕੀਤਾ ਗਿਆ।
ਪੁਲਸ ਨੇ ਮੁਸ਼ਤੈਦੀ ਦਿਖਾਉਂਦਿਆਂ ਤੁਰੰਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਲਾਸ਼ੀ ਤੋਂ ਬਾਅਦ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 3.02 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਮੁਤਾਬਕ ਮੁਲਜ਼ਮਾਂ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਤਸਕਰਾਂ ਖ਼ਿਲਾਫ਼ ਥਾਣਾ ਸੁਜਾਨਪੁਰ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਤਸਕਰਾਂ ਦੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।