ਕਾਰ ਦੀ ਟੱਕਰ ਨਾਲ 2 ਮੋਟਰਸਾਈਕਲ ਸਵਾਰ ਜ਼ਖਮੀ
Tuesday, Jul 24, 2018 - 12:55 AM (IST)
ਕਾਠਗਡ਼, (ਰਾਜੇਸ਼)- ਅੱਜ ਸਵੇਰੇ ਰੋਪਡ਼ ਨਵਾਂਸ਼ਹਿਰ ’ਤੇ ਸਥਿਤ ਪਿੰਡ ਮੁੱਤੋਂ ਦੇ ਨੇਡ਼ੇ ਇਕ ਕਾਰ ਦੇ ਮੋਟਰਸਾਈਕਲ ’ਚ ਵੱਜਣ ਕਾਰਨ ਦੋ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਬਲਾਚੌਰ ਵਾਸੀ ਆਪਣੇ ਇਕ ਰਿਸ਼ਤੇਦਾਰ ਨਾਲ ਮੋਟਰਸਾਈਕਲ ’ਤੇ ਮੋਰਿੰਡਾ ਤੋਂ ਬਲਾਚੌਰ ਆ ਰਿਹਾ ਸੀ। ਜਿਵੇਂ ਹੀ ਉਹ ਮੁੱਤੋਂ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਬਲਾਚੌਰ ਸਾਈਡ ਤੋਂ ਰੋਪਡ਼ ਵੱਲੋਂ ਜਾ ਰਹੀ ਕਿਸੇ ਵਾਹਨ ਨੂੰ ਓਵਰਟੇਕ ਕਰਦੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਲਾਡੀ ਗੰਭੀਰ ਜ਼ਖਮੀ ਹੋ ਗਿਆ ਜਦਕਿ ਉਸ ਦੇ ਨਾਲ ਦੇ ਸਾਥੀ ਦੇ ਵੀ ਸੱਟਾਂ ਲੱਗੀਆਂ। ਇਸ ਹਾਦਸੇ ’ਚ ਦੋਵੇਂ ਵਾਹਨ ਵੀ ਨੁਕਸਾਨੇ ਗਏ। ਹਾਈਵੇ ਪੈਟਰੋਲਿੰਗ ਟੀਮ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ 108 ਨੰਬਰ ਐਂਬੂਲੈਂਸ ਰਾਹੀਂ ਬਲਾਚੌਰ ਦੇ ਹਸਪਤਾਲ ਪਹੁੰਚਾਇਆ ਗਿਆ। ਪੁਲਸ ਥਾਣਾ ਕਾਠਗਡ਼੍ਹ ਦੇ ਏ.ਐੱਸ.ਆਈ. ਹੰਸ ਰਾਜ ਤੇ ਹੌਲਦਾਰ ਧਰਮ ਚੰਦ ਨੇ ਹਾਦਸੇ ਵਾਲੇ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ’ਤੇ ਲੋਕਾਂ ਜਤਾਇਆ ਰੋਸ : ਜਾਣਕਾਰੀ ਅਨੁਸਾਰ ਹਾਦਸੇ ਦੇ ਤੁਰੰਤ ਬਾਅਦ 108 ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਜਦੋਂ ਐਂਬੂਲੈਂਸ ਨਾ ਪਹੁੰਚੀ ਤਾਂ ਮੌਕੇ ’ਤੇ ਪਹੁੰਚੇ ਪ੍ਰਤੀਨਿਧੀ ਨੇ ਸਡ਼ਕ ’ਤੇ ਤਡ਼ਪ ਰਹੇ ਜ਼ਖਮੀਆਂ ਬਾਰੇ ਐਂਬੂਲੈਂਸ ਦੇ ਕਰਮਚਾਰੀਅਾਂ ਨੂੰ ਦੱਸਿਆ। ਫਿਰ ਕਰੀਬ 15 ਮਿੰਟ ਬਾਅਦ ਐਂਬੂਲੈਂਸ ਪਹੁੰਚੀ। ਇਸ ਦੌਰਾਨ ਰਾਹਗੀਰਾਂ ਨੇ ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ਲਈ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਸਡ਼ਕ ਹਾਦਸੇ ’ਚ ਜ਼ਖਮੀਆਂ ਨੂੰ ਇਲਾਜ ਲਈ ਸੜਕ ’ਤੇ ਹੀ ਕਿੰਨੀ ਦੇਰ ਤੱਕ ਤੜਪਣਾ ਪੈਂਦਾ ਹੈ। ਜਦਕਿ ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਪਹੁੰਚਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
