ਵੱਡੀ ਖ਼ਬਰ: ਡੇਰਾ ਪ੍ਰੇਮੀ ਕਤਲ ਕਾਂਡ ’ਚ ਸ਼ਾਮਲ ਦੋ ਹੋਰ ਸ਼ੂਟਰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ
Thursday, Nov 17, 2022 - 06:54 PM (IST)
ਹੁਸ਼ਿਆਰਪੁਰ (ਵੈੱਬ ਡੈਸਕ)— ਬੀਤੇ ਦਿਨੀਂ ਕੋਟਕਪੂਰਾ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਦੋ ਹੋਰ ਕਾਤਲਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਫਰੀਦਕੋਟ ਦੀ ਪੁਲਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਦੋਵੇਂ ਸ਼ੂਟਰ ਹੁਸ਼ਿਆਰਪੁਰ ਤੋਂ ਗਿ੍ਰਫ਼ਤਾਰ ਕੀਤੇ ਗਏ ਹਨ। ਗਿ੍ਰਫ਼ਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਉਰਫ਼ ਮਨੀ ਅਤੇ ਭੁਪਿੰਦਰ ਉਰਫ਼ ਗੋਲਡੀ ਦੇ ਰੂਪ ’ਚ ਹੋਈ ਹੈ। ਉਥੇ ਹੀ ਇਸ ਕਤਲ ਦੀ ਸਾਜਿਸ਼ ਦਾ ਮਾਸਟਰਮਾਈਂਡ ਕੈਨੇਡਾ ਦਾ ਗੈਂਗਸਟਰ ਗੋਲਡੀ ਬਰਾੜ ਹੈ।
ਇਹ ਵੀ ਪੜ੍ਹੋ : ਉਮਰਾਂ ਤੋਂ ਵੱਡੇ ਹੌਂਸਲੇ, ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ’ਤੇ ਸਫ਼ਰ ਕਰੇਗੀ 8 ਸਾਲਾ ਰਾਵੀ ਕੌਰ
ਦੋਵੇਂ ਹੀ ਸ਼ੂਟਰ ਫਰੀਦਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਦੇ ਇਲਾਵਾ ਫਰੀਦਕੋਟ ਪੁਲਸ ਨੇ ਹਰਿਆਣਾ ਦੇ 3 ਸ਼ੂਟਰਾਂ ਦੀ ਮਦਦ ਕਰਨ ਦੇ ਦੋਸ਼ ’ਚ ਇਕ ਹੋਰ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਬਲਜੀਤ ਮੰਨਾ ਦੇ ਰੂਪ ’ਚ ਕੀਤੀ ਗਈ ਹੈ। ਪੁਲਸ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲਸ ਨੂੰ ਡੇਰਾ ਪ੍ਰੇਮੀ ਕਤਲ ਕਾਂਡ ਸਬੰਧੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ 3 ਸ਼ੂਟਰਸ ਨੂੰ ਗਿ੍ਰਫ਼ਤਾਰ ਕੀਤਾ ਸੀ। ਸ਼ੂਟਰਸ ਨੇ ਡੇਰਾ ਪ੍ਰੇਮੀ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਸਨ। ਪੁਲਸ ਸੂਤਰਾਂ ਮੁਤਾਬਕ ਇਸ ਦੇ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦਾ ਦਿਮਾਗ ਹੈ। ਆਈ.ਐੱਸ.ਆਈ. ਨੇ ਰਿੰਦਾ ਦੇ ਜ਼ਰੀਏ ਡੇਰਾ ਪ੍ਰੇਮੀ ਦਾ ਕਤਲ ਕਰਵਾਇਆ ਸੀ। ਉਥੇ ਹੀ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ। ਕੁਝ ਦਿਨ ਪਹਿਲਾਂ ਹੀ ਰਿੰਦਾ ਅਤੇ ਗੋਲਡੀ ਬਰਾੜ ਹੱਥ ਮਿਲਾਇਆ ਸੀ।
ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਤੋਂ ਲਾਸ਼ ਮਿਲਣ ਦਾ ਮਾਮਲਾ, ਹੁਣ ਕਾਤਲ ਦੀ ਭੈਣ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ
ਪਟਿਆਲਾ ਤੋਂ ਕੀਤੇ ਗਏ ਸਨ ਕਾਬੂ
ਦਿੱਲੀ ਪੁਲਸ ਨੇ ਸਾਰੇ ਬਦਮਾਸ਼ਾਂ ਨੂੰ ਮੁਠਭੇੜ ਤੋਂ ਬਾਅਦ ਪਟਿਆਲਾ ਬਖਸ਼ੀਵਾਲਾ ਪਿੰਡ ਤੋਂ ਫੜਿਆ ਸੀ। ਇਨ੍ਹਾਂ ’ਚ ਦੋ ਨਾਬਾਲਗ ਸ਼ੂਟਰ ਹਰਿਆਣਾ ਦੇ ਰੋਹਤਕ ਅਤੇ ਭਿਵਾਨੀ ਦੇ ਰਹਿਣ ਵਾਲੇ ਹਨ ਜਦਕਿ ਤੀਜੇ ਦੀ ਪਛਾਣ ਜਤਿੰਦਰ ਜੀਤੂ ਦੇ ਰੂਪ ’ਚ ਹੋਈ ਹੈ।
ਡੇਰਾ ਪ੍ਰੇਮੀ ਦੇ ਕਤਲ ’ਚ ਹਰਿਆਣਾ ਅਤੇ ਪੰਜਾਬ ਮਾਡਿਊਲ ਯੂਜ਼ ਕੀਤੇ ਗਏ। ਇਸ ’ਚ 4 ਸ਼ੂਟਰ ਹਰਿਆਣਾ ਅਤੇ 2 ਪੰਜਾਬ ਦੇ ਸਨ। ਦਿੱਲੀ ਪੁਲਸ ਨੇ ਜਤਿੰਦਰ ਜੀਤੂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜੀਤੂ ਹਰਿਆਣਾ ’ਚ ਰੋਹਤਕ ਦੇ ਕਲਾਨੌਰ ਦਾ ਰਹਿਣ ਵਾਲਾ ਹੈ। ਗਿ੍ਰਫ਼ਤਾਰ ਬਾਕੀ ਸ਼ੂਟਰ ਰੋਹਤਕ ਅਤੇ ਭਿਵਾਨੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਉਮਰ 16 ਸਾਲ ਹੈ। ਇਸ ਹਰਿਆਣਾ ਮਾਡਿਊਲ ਦਾ ਇਕ ਅਤੇ ਪੰਜਾਬ ਵਾਲੇ 2 ਸ਼ੂਟਰ ਅਜੇ ਫਰਾਰ ਹਨ।
ਇਹ ਵੀ ਪੜ੍ਹੋ : ਹੁਣ ਨਹੀਂ ਬਖ਼ਸ਼ੇ ਜਾਣਗੇ ਗੈਂਗਸਟਰ ਤੇ ਨਸ਼ਾ ਸਮੱਗਲਰ, ਪੰਜਾਬ DGP ਨੇ ਲਿਆ ਅਹਿਮ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।