ਲੁਟੇਰਾ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

3/25/2018 4:15:16 AM

ਫਗਵਾੜਾ,  (ਜਲੋਟਾ, ਰੁਪਿੰਦਰ ਕੌਰ)—  ਬੀਤੀ ਰਾਤ ਪਿੰਡ ਰਾਵਲਪਿੰਡੀ ਦੇ ਕੋਲ ਟਰੱਕ ਚਾਲਕ ਜਤਿੰਦਰ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਚੱਕ ਕਟਾਰੂ ਥਾਣਾ ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ ਤੋਂ ਫਿਲਮੀ ਸਟਾਈਲ ਵਿਚ ਬਿਨਾਂ ਨੰਬਰ ਦੇ ਮੋਟਰਸਾਈਕਲ ਨੂੰ ਟਰੱਕ ਅੱਗੇ ਲਾ ਕੇ ਪਿਸਤੌਲ ਦੀ ਨੋਕ 'ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਫਗਵਾੜਾ ਪੁਲਸ ਥਾਣਾ ਰਾਵਲਪਿੰਡੀ ਦੀ ਪੁਲਸ ਟੀਮ ਐੱਸ. ਐੱਚ. ਓ. ਸਿਕੰਦਰ ਸਿੰਘ ਦੀ ਅਗਵਾਈ ਵਿਚ ਦਬੋਚ ਲਿਆ। ਐੱਸ. ਪੀ. ਦਫਤਰ ਵਿਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਉਕਤ ਲੁਟੇਰੇ ਜਿਨ੍ਹਾਂ ਦੀ ਪਛਾਣ ਸੰਨੀ ਪੁੱਤਰ ਰਾਜ ਕੁਮਾਰ ਨਿਵਾਸੀ ਮੁਹੱਲਾ ਪ੍ਰੇਮਗੜ੍ਹ ਪੁਲਸ ਥਾਣਾ ਸਿਟੀ ਹੁਸ਼ਿਆਰਪੁਰ ਅਤੇ ਕਰਨ ਪੁੱਤਰ ਬਲਵੀਰ ਕੁਮਾਰ ਨਿਵਾਸੀ ਪਿੰਡ ਬੱਸੀ ਕਿੱਕਰਾਂ ਪੁਲਸ ਥਾਣਾ ਸਦਰ ਹੁਸ਼ਿਆਰਪੁਰ ਦੇ ਰੂਪ ਵਿਚ ਹੋਈ ਹੈ। 
ਨਾਕਾ ਲਾ ਕੇ ਕਾਬੂ ਕੀਤੇ ਲੁਟੇਰੇ
ਐੱਸ. ਪੀ. ਭੰਡਾਲ ਨੇ ਦੱਸਿਆ ਕਿ ਉਕਤ ਲੁਟੇਰਿਆਂ ਨੇ ਬੀਤੀ ਰਾਤ ਪਿੰਡ ਰਾਵਲਪਿੰਡੀ ਦੇ ਕੋਲ ਟਰੱਕ ਚਾਲਕ ਜਤਿੰਦਰ ਕੁਮਾਰ ਤੋਂ ਫਿਲਮੀ ਸਟਾਈਲ ਵਿਚ ਬਿਨਾਂ ਨੰਬਰੀ ਮੋਟਰਸਾਈਕਲ ਟਰੱਕ ਦੇ ਅੱਗੇ ਲਾ ਕੇ ਉਸ ਤੋਂ ਪਿਸਤੌਲ ਦੀ ਨੋਕ 'ਤੇ ਉਸਦਾ ਪਰਸ ਜਿਸ ਵਿਚ 5200 ਰੁਪਏ ਦੀ ਨਕਦੀ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਪਰ ਇਸ ਤੋਂ ਪਹਿਲਾਂ ਕਿ ਉਹ ਫਗਵਾੜਾ ਤੋਂ ਬਾਹਰ ਨਿਕਲਦੇ ਤਾਂ ਥਾਣਾ ਰਾਵਲਪਿੰਡੀ ਦੀ ਪੁਲਸ ਨੇ ਪਿੰਡ ਪਾਂਛਟਾ ਵਿਚ ਲਾਏ ਨਾਕੇ 'ਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ। 
ਲੁੱਟੇ ਹੋਏ ਪੈਸਿਆਂ ਨਾਲ ਕਰਦੇ ਸਨ ਅਯਾਸ਼ੀ
ਐੱਸ. ਪੀ. ਭੰਡਾਲ ਨੇ ਦੱਸਿਆ ਕਿ ਹੁਣ ਤਕ ਹੋਈ ਪੁਲਸ ਜਾਂਚ ਵਿਚ ਦੋਸ਼ੀਆਂ ਨੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਕਰੀਬ ਇਕ ਦਰਜਨ ਤੋਂ ਜ਼ਿਆਦਾ ਵਾਰਦਾਤਾਂ ਨੂੰ ਕਬੂਲਿਆ ਹੈ। ਉਕਤ ਲੁਟੇਰੇ ਆਮ ਤੌਰ 'ਤੇ ਚੋਰੀਸ਼ੁਦਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿਸਤੌਲ ਦੀ ਨੋਕ 'ਤੇ ਮਾਸੂਮ ਲੋਕਾਂ, ਰੇਹੜੀ ਵਾਲਿਆਂ, ਕਿਸਾਨਾਂ, ਮਜ਼ਦੂਰਾਂ ਆਦਿ ਤੋਂ ਲੁੱਟਾਂ-ਖੋਹਾਂ ਕਰਦੇ ਤੇ ਇਨ੍ਹਾਂ ਪੈਸਿਆਂ ਨੂੰ ਅਯਾਸ਼ੀ ਲਈ ਖਰਚ ਕਰਦੇ। ਉਨ੍ਹਾਂ ਦੱਸਿਆ ਕਿ ਲੁਟੇਰਾ ਗਿਰੋਹ ਫਗਵਾੜਾ ਦੇ ਇਲਾਵਾ ਹੁਸ਼ਿਆਰਪੁਰ, ਮਾਹਿਲਪੁਰ, ਚੱਬੇਵਾਲ, ਗੜ੍ਹਸ਼ੰਕਰ, ਸੈਲਾ ਖੁਰਦ, ਪਾਂਛਟਾ ਆਦਿ ਇਲਾਕਿਆਂ ਵਿਚ ਦਰਜਨਾਂ ਦੇ ਕਰੀਬ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਦੇ ਖਿਲਾਫ ਵੱਖ-ਵੱਖ ਪੁਲਸ ਥਾਣਿਆਂ ਵਿਚ ਵੀ ਕਈ ਮਾਮਲੇ ਦਰਜ ਹਨ। ਉਕਤ ਲੁਟੇਰਿਆਂ ਨੇ ਹੁਸ਼ਿਆਰਪੁਰ ਤੋਂ ਮੋਟਰਸਾਈਕਲ ਚੋਰੀ ਕੀਤਾ। ਪੁਲਸ ਨੂੰ ਸ਼ੱਕ ਹੈ ਕਿ ਉਕਤ ਲੁਟੇਰਿਆਂ ਵਲੋਂ ਲੁੱਟਾਂ-ਖੋਹਾਂ ਦੀਆਂ ਸੰਗੀਨ ਅਪਰਾਧਿਕ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਪੁਲਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।