ਗੁਰਦਾਸਪੁਰ ਦੀ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਵਿੱਕੀ ਗੌਂਡਰ ਗਿਰੋਹ ਦੇ ਦੋ ਸਾਥੀ ਗ੍ਰਿਫਤਾਰ
Wednesday, Aug 09, 2017 - 05:28 PM (IST)

ਗੁਰਦਾਸਪੁਰ (ਦੀਪਕ)— ਗੁਰਦਾਸਪੁਰ ਦੀ ਪੁਲਸ ਨੇ ਵਿੱਕੀ ਗੌਂਡਰ ਗੈਂਗ ਨਾਲ ਸਬੰਧਤ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੀ ਪਛਾਣ ਵਿਧਾਨ ਸਭਾ ਪੰਜਾਬ ਦੇ ਦਰਜਾ ਚਾਰ ਕਰਮਚਾਰੀ ਦਲਜੀਤ ਸਿੰਘ ਵਾਸੀ ਚੰਡੀਗੜ੍ਹ ਅਤੇ ਤਰਨਤਾਰਨ ਜ਼ਿਲੇ ਨਾਲ ਸਬੰਧਤ ਪਿੰਡ ਵੈਰੋਵਾਲ ਬਾਬਿਆਂ ਦਾ ਇਕ ਕਾਂਗਰਸੀ ਸਰਪੰਚ ਸੁਰਜੀਤ ਸਿੰਘ ਵਜੋਂ ਹੋਈ ਹੈ। ਦੱਸ ਦੇਈਏ ਕਿ ਕਾਂਗਰਸੀ ਸਰਪੰਚ ਸੁਰਜੀਤ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ ਅਤੇ ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਸਥਿਤ ਬਾਈਪਾਸ ਗੋਲੀ ਕਾਂਡ ਤੋਂ ਬਾਅਦ ਉਸ ਨੇ ਗੌਂਡਰ ਗੁੱਟ ਨਾਲ ਸਬੰਧਤ ਮੈਂਬਰਾਂ ਨੂੰ ਲੁਕਣ ਲਈ ਆਪਣੇ ਟਿਕਾਣਿਆਂ 'ਚ ਪਨਾਹ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਬੀਤੀ 20 ਅਪ੍ਰੈਲ ਨੂੰ ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਸਥਿਤ ਬਾਈਪਾਸ 'ਤੇ ਗੌਂਡਰ ਗੈਂਗ ਵੱਲੋਂ ਵਿਰੋਧੀ ਧਿਰ ਦੇ ਤਿੰਨ ਨੌਜਵਾਨ, ਜੋ ਗੁਰਦਾਸਪੁਰ ਕੋਰਟ 'ਚੋਂ ਪੇਸ਼ੀ ਭੁਗਤ ਕੇ ਆ ਰਹੇ ਸਨ, ਉਪਰ ਗੈਂਗਸਟਰਾਂ ਨੇ ਚਿੱਟੇ ਦਿਨ ਗੋਲੀਆਂ ਮਾਰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਕਤ ਗੌਂਡਰ ਗੈਂਗ ਦੇ ਮੈਂਬਰ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ ਅਤੇ ਪੂਰੇ ਗੁਰਦਾਸਪੁਰ ਅੰਦਰ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਸੀ। ਜਿਨ੍ਹਾਂ ਨੂੰ ਫੜ੍ਹਨ ਲਈ ਪੁਲਸ ਵੱਲੋਂ ਹਾਈ-ਅਲਰਟ ਕਰਕੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਸੀ। ਪੁਲਸ ਵੱਲੋਂ ਪਹਿਲਾਂ ਹੀ ਵਿੱਕੀ ਗੌਂਡਰ ਗੈਂਗ ਨਾਲ ਸਬੰਧਤ ਕੁਝ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਗੌਂਡਰ ਗੈਂਗ ਨਾਲ ਸਬੰਧਤ ਦੋ ਹੋਰ ਉਨ੍ਹਾਂ ਦੇ ਸਾਥੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਦਰਜਾ ਚਾਰ ਕਰਮਚਾਰੀ ਦਲਜੀਤ ਸਿੰਘ ਅਤੇ ਸਰਪੰਚ ਸੁਰਜੀਤ ਸਿੰਘ ਨੂੰ ਗੁਰਦਾਸਪੁਰ ਪੁਲਸ ਨੇ ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਐੱਸ. ਐੱਸ. ਪੀ. ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਦਲਜੀਤ ਸਿੰਘ ਗੌਂਡਰ ਗੈਂਗ ਨਾਲ ਸਬੰਧਤ ਮਨਬੀਰ ਸਾਬ੍ਹੀ, ਹੈਰੀ ਮਜੀਠੀਆ, ਸੁੱਖ ਭਿਖਾਰੀਵਾਲ, ਗੋਪੀ ਘਨਸ਼ਿਆ ਪੁਰੀਆ ਅਤੇ ਗਿਆਨ ਖਰਲਾਂਵਾਲਾ ਨੂੰ ਚੰਡੀਗੜ੍ਹ ਤੋਂ ਗੁਰਦਾਸਪੁਰ ਲਈ ਕਾਰ 'ਤੇ ਬਿਠਾ ਕੇ ਲਿਆਇਆ ਸੀ। ਫਗਵਾੜਾ ਪਹੁੰਚ ਕੇ ਉਸ ਨੇ ਇਨ੍ਹਾਂ ਨੂੰ ਇਕ ਕਰੇਟਾ ਕਾਰ 'ਚ ਸ਼ਿਫਟ ਕਰ ਦਿੱਤਾ ਸੀ।
ਕੀ ਕਹਿਣਾ ਹੈ ਐੱਸ. ਐੱਸ. ਪੀ. ਗੁਰਦਾਸਪੁਰ ਦਾ?
ਐੱਸ. ਐੱਸ. ਪੀ. ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਅਨੁਸਾਰ ਜ਼ਿਲੇ ਅੰਦਰ ਹੁਣ ਵਿੱਕੀ ਗੌਂਡਰ ਗੈਂਗ ਦਾ ਕੋਈ ਆਧਾਰ ਨਹੀਂ ਰਿਹਾ। ਗੌਂਡਰ ਦੇ ਦੋ ਸਾਥੀ ਗਿਆਨ ਖਰਲਾਂਵਾਲਾ ਅਤੇ ਸਰਪੰਚ ਜਗਰੂਪ ਸਿੰਘ ਪਹਿਲਾਂ ਹੀ ਜੇਲ ਅੰਦਰ ਬੰਦ ਹਨ। ਗਿਆਨ ਖਰਲਾਂਵਾਲਾ 27 ਨਵੰਬਰ ਨੂੰ ਨਾਭਾ ਜੇਲ ਬਰੇਕ ਕਾਂਡ 'ਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਵਿੱਕੀ ਗੌਂਡਰ ਗੈਂਗ ਨਾਲ ਸਬੰਧਤ ਸਾਰੇ ਗੈਂਗਸਟਰਾਂ ਨੂੰ ਪੁਲਸ ਵੱਲੋਂ ਉਠਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੈਂਗਸਟਰਾਂ ਸਬੰਧ ਵੱਡੇ ਖੁਲਾਸੇ ਕੀਤੇ ਜਾਣਗੇ।