ਕਾਰ ਤੇ ਜੀਪ ਦੀ ਟੱਕਰ ’ਚ 2 ਜ਼ਖਮੀ

06/24/2018 12:31:59 AM

ਬਲਾਚੌਰ/ਪੋਜੇਵਾਲ, (ਕਟਾਰੀਆ/ ਕਿਰਨ)- ਗਡ਼੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਟਰੋਲ ਪੰਪ ਨਜ਼ਦੀਕ ਹਰੋ ਦੇ ਪੋਹ ਕੋਲ ਇਕ ਸਵਿੱਫਟ ਕਾਰ ਤੇ ਬਲੈਰੋ ਜੀਪ ਦੀ ਟੱਕਰ ਹੋਣ ਨਾਲ 2 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਤਰਲੋਕ ਸਿੰਘ ਵਾਸੀ ਮਹੋਡ਼ੂ ਫਗਵਾਡ਼ਾ ਆਪਣੀ ਸਵਿੱਫਟ ਕਾਰ ’ਤੇ 2 ਸਾਥੀਆਂ ਸਮੇਤ ਕੀਰਤਪੁਰ ਸਾਹਿਬ ਵਿਖੇ ਜਾ ਰਹੇ ਸਨ, ਜਦੋਂ ਉਹ ਉਕਤ ਥਾਂ ’ਤੇ ਪੁੱਜੇ  ਤਾਂ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਬਲੈਰੋ ਜੀਪ ਨਾਲ ਉਨ੍ਹਾਂ  ਦੀ ਜ਼ਬਰਦਸਤ ਟੱਕਰ ਹੋ ਗਈ। ਜੀਪ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਕਾਰ ’ਚ ਸਵਾਰ 2 ਲੋਕਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਲੋਕਾਂ ਤੇ ਪੁਲਸ ਦੇ ਸਹਿਯੋਗ ਨਾਲ ਗੱਡੀਆਂ ਨੂੰ ਸਾਈਡ ’ਤੇ ਕਰ ਕੇ ਆਵਾਜਾਈ ਚਾਲੂ ਕੀਤੀ ਗਈ। ਪੁਲਸ ਨੇ ਗੱਡੀਆਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ 
ਦਿੱਤੀ ਹੈ। 
ਸਡ਼ਕ ਹਾਦਸੇ ’ਚ ਅਣਪਛਾਤੇ ਨੌਜਵਾਨ ਦੀ ਮੌਤ
ਸ੍ਰੀ ਅਨੰਦਪੁਰ ਸਾਹਿਬ,  (ਬਾਲੀ)-ਸਡ਼ਕ ਹਾਦਸੇ ਵਿਚ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਤਫ਼ਤੀਸ਼ੀ ਅਧਿਕਾਰੀ ਏ.ਐੱਸ.ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਲੰਮਲੇਹਡ਼ੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਨਜ਼ਦੀਕ ਸਡ਼ਕ ਕਿਨਾਰੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ। ਪੁਲਸ ਨੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਉਕਤ ਲਾਸ਼ ਕਰੀਬ 21 ਸਾਲ ਦੇ ਨੌਜਵਾਨ ਦੀ ਸੀ, ਜਿਸ ਨੂੰ ਕੋਈ ਅਣਪਛਾਤਾ ਵਾਹਨ ਹਨੇਰੇ ਵਿਚ ਟੱਕਰ ਮਾਰ ਗਿਆ ਸੀ। ਨੌਜਵਾਨ ਦੇ ਸਿਰ ਅਤੇ ਸੱਜੀ ਲੱਤ ਉਪਰ ਜ਼ਖ਼ਮਾਂ ਦੇ ਨਿਸ਼ਾਨ ਸਨ। ਉਕਤ ਨੌਜਵਾਨ  ਕੇਸਧਾਰੀ ਹੈ ਤੇ ਉਸਦੇ ਹਲਕੀ ਦਾਡ਼੍ਹੀ ਆਈ ਹੋਈ ਹੈ, ਸਿਰ ਉੱਪਰ ਡੱਬੀਦਾਰ ਪਰਨਾ ਬੰਨ੍ਹਿਆ ਹੋਇਆ, ਨੀਲੇ ਰੰਗ ਦੀ ਜੀਨ ਦੀ ਪੈਂਟ ਅਤੇ ਕਾਲੇ ਰੰਗ ਦੀ ਕਮੀਜ਼ ਪਾਈ ਹੋਈ ਹੈ। ਮ੍ਰਿਤਕ ਦੀ ਜੇਬ ਵਿਚੋਂ ਭੰਗ ਮਿਲੀ ਹੈ, ਜਿਸ ਤੋਂ ਉਹ ਨਸ਼ੇਡ਼ੀ ਜਾਪਦਾ ਹੈ। ਪੁਲਸ ਨੇ ਅਣਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਨੂੰ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।

 


Related News