ਰੰਜਿਸ਼ ਤਹਿਤ ਕੀਤੇ ਹਮਲੇ ''ਚ 2 ਫੱਟੜ

06/29/2017 3:37:18 AM

ਖਡੂਰ ਸਾਹਿਬ/ਵੈਰੋਵਾਲ,  (ਕੁਲਾਰ, ਗਿੱਲ)-  ਪਿੰਡ ਭੈਲ ਢਾਏਵਾਲਾ ਦੇ ਸਰਪੰਚ ਚੰਦ ਸਿੰਘ, ਸੁੱਚਾ ਸਿੰਘ ਪੰਚ ਅਤੇ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਜਨ ਸਿੰਘ ਪੁੱਤਰ ਪਰਮਜੀਤ ਸਿੰਘ ਦੀ ਸਪੋਰਟਸ ਕਲੱਬ ਵਿਚ ਬੀਤੇ ਦਿਨੀਂ ਕਾਰਜ ਸਿੰਘ ਨਾਲ ਬਹਿਸ ਹੋ ਗਈ ਸੀ, ਜਿਸ ਦੀ ਰੰਜਿਸ਼ ਤਹਿਤ ਜਦੋਂ ਸਾਜਨ ਸਿੰਘ ਦਾ ਭਰਾ ਰਾਜਨ ਦੁੱਧ ਲੈ ਕੇ ਗਲੀ 'ਚ ਆ ਰਿਹਾ ਸੀ ਤਾਂ ਕਾਰਜ ਸਿੰਘ, ਸ਼ੇਰਾ ਸਿੰਘ, ਰਾਂਝਾ ਸਿੰਘ ਪੁੱਤਰ ਗਿੰਦਾ ਸਿੰਘ ਅਤੇ ਗਿੰਦਾ ਸਿੰਘ ਪੁੱਤਰ ਬੰਤਾ ਸਿੰਘ ਤੇ ਉਸ ਦੀ ਪਤਨੀ ਨੇ ਮਾਰੂ ਹਥਿਆਰਾਂ ਨਾਲ ਰਾਜਨ 'ਤੇ ਹਮਲਾ ਕਰ ਦਿੱਤਾ ਅਤੇ ਜਦੋਂ ਸਾਜਨ ਆਪਣੇ ਭਰਾ ਰਾਜਨ ਨੂੰ ਛਡਾਉਣ ਲਈ ਗਿਆ ਤਾਂ ਉਸ ਦੇ ਵੀ ਗੰਭੀਰ ਸੱਟਾਂ ਮਾਰੀਆਂ, ਜਿਸ ਦੇ ਸਬੰਧ ਵਿਚ ਪੁਲਸ ਥਾਣਾ ਗੋਇੰਦਵਾਲ ਸਾਹਿਬ ਵਿਖੇ ਲਿਖਤੀ ਦਰਖਾਸਤ ਦੇਣ 'ਤੇ ਪੁਲਸ ਵੱਲੋਂ ਡਾਕਟ ਦਿੱਤਾ ਗਿਆ ਅਤੇ ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।
 ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ 'ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਅਸੀਂ ਕਿਸੇ ਦੇ ਕੋਈ ਸੱਟ ਨਹੀਂ ਮਾਰੀ, ਸਗੋਂ ਉਲਟਾ ਉਕਤ ਧਿਰ ਨੇ ਸਾਨੂੰ ਅਪਸ਼ਬਦ ਬੋਲੇ ਹਨ। ਇਸ ਮੌਕੇ ਐੱਸ. ਐੱਚ. ਓ. ਪੁਲਸ ਥਾਣਾ ਗੋਇੰਦਵਾਲ ਸਾਹਿਬ ਨੇ ਕਿਹਾ ਕਿ ਫੱਟੜ ਵਿਅਕਤੀਆਂ ਨੂੰ ਡਾਕਟ ਦੇ ਦਿੱਤਾ ਗਿਆ ਹੈ ਅਤੇ ਬਾਕੀ ਕਾਰਵਾਈ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।


Related News