ਟਿਊਬਵੈੱਲ ਆਪ੍ਰੇਟਰ ਕਰਨਗੇ ''ਲੋਕ ਸਭਾ ਚੋਣਾਂ'' ਦਾ ਬਾਈਕਾਟ
Tuesday, May 14, 2019 - 03:47 PM (IST)

ਖਰੜ (ਅਮਰਦੀਪ, ਸ਼ਸ਼ੀ) : ਨਗਰ ਕੌਂਸਲ ਖਰੜ ਸਿਟੀ ਅਧੀਨ ਟਿਊਬਵੈੱਲਾਂ 'ਤੇ ਕੰਮ ਕਰਦੇ ਆਪ੍ਰੇਟਰਾਂ ਵਲੋਂ ਆਪਣੀਆਂ ਮੁਸ਼ਕਲਾਂ ਸਬੰਧੀ ਅਹਿਮ ਮੀਟਿੰਗ ਟਿਊਬਵੈੱਲ ਆਪ੍ਰੇਟਰਾਂ ਦੀ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਬੋਲਦਿਆਂ ਪਰਿਵੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਆਪ੍ਰੇਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਕਿਉਂਕਿ ਟਿਊਬਵੈੱਲਾਂ 'ਤੇ ਕੰਮ ਕਰਦੇ ਟਿਊਬਵੈੱਲ ਆਪ੍ਰੇਟਰਾਂ ਨੂੰ ਤਨਖਾਹ ਹੈਲਪਰ ਦੀ ਦਿੱਤੀ ਜਾਂਦੀ ਹੈ, ਜਿਸ ਨੂੰ ਯੂਨੀਅਨ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਿਊਬਵੈੱਲ ਆਪ੍ਰੇਟਰਾਂ ਨੂੰ ਠੇਕੇਦਾਰ ਵਲੋਂ ਕੋਈ ਈ. ਐੱਸ. ਆਈ. ਦੀ ਸਹੂਲਤ ਨਹੀਂ ਮਿਲ ਰਹੀ, ਨਾ ਹੀ ਮੁਲਾਜ਼ਮਾਂ ਨੂੰ ਈ. ਪੀ. ਐੱਫ. ਮਿਲ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ 100 ਤੋਂ ਵੱਧ ਜਿਹੜੇ ਟਿਊਬਵੈੱਲ ਆਪ੍ਰੇਟਰ ਕੰਮ ਕਰਦੇ ਹਨ, ਉਹ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਸਮੇਤ ਬਾਈਕਾਟ ਕਰਨਗੇ ਅਤੇ ਸਰਕਾਰੀ ਦੀਆਂ ਮਾਰੂ ਨੀਤੀਆਂ ਲੋਕਾਂ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ 16 ਮਈ ਤੋਂ ਖਰੜ ਸ਼ਹਿਰ ਦੇ ਸਮੂਹ ਵਾਰਡਾਂ ਦੇ ਘਰੋ-ਘਰੀ ਜਾ ਕੇ ਲੋਕਾਂ ਨੂੰ ਵੀ ਵੋਟਾਂ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।