ਬੱਚਿਆਂ ਨਾਲ ਭਰੀ ਸਕੂਲੀ ਵੈਨ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼

07/30/2019 9:02:06 AM

ਖੰਨਾ (ਸੁਨੀਲ) : ਸ਼ਹਿਰ 'ਚ ਬੀਤੇ ਦਿਨ ਸਕੂਲੀ ਬੱਚਿਆਂ ਦੀ ਵੈਨ ਨੂੰ ਅਗਵਾ ਕਰਨ ਸਬੰਧੀ ਖਬਰ ਮਿਲਣ 'ਤੇ ਲੋਕਾਂ 'ਚ ਹੜਕੰਪ ਮਚ ਗਿਆ ਅਤੇ ਮਾਪੇ ਆਪੋ-ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਭੱਜੇ ਪਰ ਚੰਗੀ ਗੱਲ ਇਹ ਰਹੀ ਕਿ ਅਗਵਾਕਾਰ ਇਸ ਘਟਨਾ ਨੂੰ ਅੰਜਾਮ ਨਹੀਂ ਦੇ ਸਕੇ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੁਰੂ ਨਾਨਕ ਨਗਰ, ਅਮਲੋਹ ਨਾਲ ਬਾਕੀ ਬੱਚਿਆਂ ਦੇ ਮਾਪਿਆਂ ਨੇ ਹਸਤਾਖਰ ਦਿੱਤੇ ਅਤੇ ਇਸ ਘਟਨਾ 'ਚ ਸ਼ਾਮਲ ਲੋਕਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰ ਮੈਮੋਰੀਅਲ ਸਕੂਲ ਦੀ ਵੈਨ ਦੇ ਡਰਾਈਵਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਸਕੂਲ ਦੀ ਟਾਟਾ ਮੈਜਿਕ ਵੈਨ 'ਚ 2 ਵਜ ਕੇ 20 ਮਿੰਟ 'ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਕਰਤਾਰ ਨਗਰ ਨੇੜੇ ਪੁੱਜਿਆ ਤਾਂ ਪਿੱਛਿਓਂ 3 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਰੁਮਾਲ ਨਾਲ ਆਪਣੇ ਮੂੰਹ ਢਕੇ ਹੋਏ ਸਨ।
ਉਨ੍ਹਾਂ ਨੇ ਜ਼ਬਰਦਸਤੀ ਵੈਨ ਨੂੰ ਰੋਕਦੇ ਹੋਏ ਡਰਾਈਵਰ ਨੂੰ ਬਾਹਰ ਆਉਣ ਲਈ ਕਿਹਾ। ਜਿਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਜ਼ਿਆਦਾ ਗਰਮੀ ਹੋਣ ਕਾਰਨ ਗਲੀ 'ਚ ਸੁੰਨਸਾਨ ਵਾਲਾ ਮਾਹੌਲ ਸੀ ਅਤੇ ਕੋਈ ਵੀ ਵਿਅਕਤੀ ਆ-ਜਾ ਨਹੀਂ ਰਿਹਾ ਸੀ। ਜਿਵੇਂ ਹੀ ਡਰਾਈਵਰ ਵੈਨ 'ਚੋਂ ਬਾਹਰ ਨਿਕਲਿਆ ਤਾਂ ਅਚਾਨਕ ਇਕ ਔਰਤ ਕਿਸੇ ਕੰਮ ਦੇ ਸਿਲਸਿਲੇ 'ਚ ਆਪਣੇ ਘਰੋਂ ਬਾਹਰ ਨਿਕਲੀ। ਔਰਤ ਨੂੰ ਦੇਖਦੇ ਹੀ ਕਥਿਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਅਮਨਦੀਪ ਨੇ ਦੱਸਿਆ ਕਿ ਉਪਰੋਕਤ ਸਾਰੇ ਵਿਅਕਤੀ ਉਸ ਕੋਲੋਂ ਗੱਡੀ ਖੋਹਣ ਤੋਂ ਬਾਅਦ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਉਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਆਸ-ਪਾਸ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਵੀ ਉਸ ਕੋਲ ਮੁੱਹਈਆ ਹੈ।
ਘਟਨਾ ਤੋਂ ਬਾਅਦ ਡਰੇ ਮੁਹੱਲਾ ਵਾਸੀ
ਇਸ ਘਟਨਾ ਤੋਂ ਬਾਅਦ ਕਰਤਾਰ ਨਗਰ ਅਤੇ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਲੋਕ ਬੁਰੀ ਤਰ੍ਹਾਂ ਸਹਿਮ ਗਏ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਸਕੂਲ ਦੀ ਵੈਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਭ ਨੂੰ ਆਪੋ-ਆਪਣੇ ਬੱਚਿਆਂ ਦੀ ਚਿੰਤਾ ਸਤਾਉਣ ਲੱਗੀ। ਸਾਰੇ ਸਕੂਲ 'ਚ ਫੋਨ ਕਰਨ ਲੱਗੇ ਤਾਂ ਬਾਹਰ ਖੜ੍ਹ ਕੇ ਸਕੂਲ ਵੈਨ ਨੂੰ ਦੇਖਣ ਲੱਗੇ। ਉਸ ਤੋਂ ਉਪਰੰਤ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਸਕੂਲ ਖੁੱਲ੍ਹਣ ਅਤੇ ਛੁੱਟੀ ਦੇ ਸਮੇਂ ਪੁਲਸ ਨੂੰ ਸਕੂਲਾਂ ਦੇ ਬਾਹਰ ਅਤੇ ਸ਼ਹਿਰ ਦੇ ਗਲੀ-ਮੁਹੱਲਿਆਂ 'ਚ ਗਸ਼ਤ ਕਰਨੀ ਚਾਹੀਦੀ ਹੈ ਅਤੇ ਸ਼ੱਕੀ ਲੋਕਾਂ ਨੂੰ ਫੜ੍ਹ ਕੇ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਜਦੋਂ ਇਸ ਸਬੰਧੀ ਸਿਟੀ ਥਾਣਾ-2 ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਗਵਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਫਿਲਹਾਲ ਮਾਮਲਾ ਨਿਜੀ ਰੰਜਿਸ਼ ਦਾ ਲੱਗ ਰਿਹਾ ਹੈ। ਸ਼ੱਕ ਹੈ ਕਿ ਡਰਾਈਵਰ ਦਾ ਕਿਸੇ ਨਾਲ ਝਗੜਾ ਹੋ ਸਕਦਾ ਹੈ ਅਤੇ ਇਸ ਨੂੰ ਲੈ ਕੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News