CM ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ, ਕਿਹਾ- ਮੇਰੇ ''''ਤੇ ਭਰੋਸਾ ਕਰੋ ਤੇ ਪਵਨ ਟੀਨੂੰ ਨੂੰ MP ਬਣਾਓ, ਕੰਮ ਦੀ ਗਾਰੰਟੀ ਮੇਰੀ

05/24/2024 7:07:56 PM

ਚੰਡੀਗੜ੍ਹ (ਅੰਕੁਰ ) : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਪਵਨ ਕੁਮਾਰ ਟੀਨੂੰ ਅਤੇ ‘‘ਆਪ’’ ਆਗੂਆਂ ਨਾਲ ਮਿਲ ਕੇ ਜਲੰਧਰ ਲੋਕ ਸਭਾ ਅਧੀਨ ਪੈਂਦੇ ਫਿਲੌਰ, ਨਕੋਦਰ, ਜਲੰਧਰ ਕੈਂਟ ਅਤੇ ਆਦਮਪੁਰ ਦੇ ਕਈ ਵਿਧਾਨ ਸਭਾ ਹਲਕਿਆਂ ’ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ‘‘ਆਪ’’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਨਕੋਦਰ ’ਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਇੱਕ ਵਾਅਦਾ ਕੀਤਾ ਅਤੇ ਕਿਹਾ ਕਿ ਤੁਸੀਂ ਮੇਰੇ ’ਤੇ ਭਰੋਸਾ ਕਰੋ ਅਤੇ ਪਵਨ ਕੁਮਾਰ ਟੀਨੂੰ ਨੂੰ ਐੱਮ.ਪੀ. ਬਣਾਓ ਅਤੇ ਕੰਮ ਦੀ ਗਾਰੰਟੀ ਮੇਰੀ ਹੈ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਸਾਧਾਰਨ ਪਰਿਵਾਰ ਤੋਂ ਉੱਪਰ ਉੱਠ ਕੇ ਆਏ ਹਨ। ਉਹ ਸੰਸਦ ’ਚ ਆਮ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਸਰਕਾਰ ਤੋਂ ਤੁਹਾਡੇ ਹੱਕ ਦਿਵਾਉਣਗੇ। ਮੁੱਖ ਮੰਤਰੀ ਮਾਨ ਨੇ ਪਿਛਲੇ ਦੋ ਸਾਲਾਂ ’ਚ ਕੀਤੇ ਕੰਮਾਂ ਦਾ ਲੇਖਾ-ਜੋਖਾ ਦਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਪਿੰਡ ’ਚ 40 ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫ਼ਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ। ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ। ਇਸ ਨਾਲ ਬਿਜਲੀ ਉਤਪਾਦਨ ’ਚ ਕਾਫੀ ਵਾਧਾ ਹੋਵੇਗਾ ਅਤੇ ਬਿਜਲੀ ਵੀ ਸਸਤੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਇਹ ਚੋਣ ਜਿੱਤ ਕੇ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪਾਰਕਿੰਗ ਸਿਸਟਮ ਠੀਕ ਕਰ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ’ਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਸਤਾ ਛੱਡ ਦਿੱਤਾ ਹੈ। ਮੈਂ ਬੱਸਾਂ, ਕਾਰੋਬਾਰ, ਢਾਬੇ ਅਤੇ ਹੋਟਲਾਂ ’ਚ ਹਿੱਸਾ ਨਹੀਂ ਲੈਣਾ ਚਾਹੁੰਦਾ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਦਰਦ ’ਚ ਸ਼ਰੀਕ ਹੋਣਾ ਚਾਹੁੰਦਾ ਹਾਂ।

ਇਹ ਖ਼ਬਰ ਵੀ ਪੜ੍ਹੋ :  ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ 12,583 ਅਰਜ਼ੀਆਂ ਪ੍ਰਾਪਤ ਹੋਈਆਂ: ਸਿਬਿਨ ਸੀ

ਫਿਲੌਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਗਈਆਂ ਅਤੇ ਉਨ੍ਹਾਂ ਨੇ ਪਹਾੜਾਂ ’ਚ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾ ਲਏ। ਇਨ੍ਹਾਂ ਲੋਕਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਸੀ, ਇਨ੍ਹਾਂ ਨੇ ਸਿਰਫ ਆਪਣੇ ਪਰਿਵਾਰਾਂ ਬਾਰੇ ਹੀ ਸੋਚਿਆ ਹੈ। ਉਨ੍ਹਾਂ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਖ-ਵਿਲਾਸ ਨੂੰ ਪੰਜਾਬ ਸਰਕਾਰ ਦੇ ਅਧੀਨ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ, ਜਿਸ ਦੇ ਹਰ ਕਮਰੇ ਦੇ ਨਾਲ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ,‘‘ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਕਮਰੇ ਪਿੱਛੇ ਇੱਕ ਪੂਲ।’’ ਬਾਦਲ ਪਰਿਵਾਰ ’ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਉਸੇ ਤਰ੍ਹਾਂ ਹੁਣ ਉਨ੍ਹਾਂ ਦੀ ਪਾਰਟੀ ਅਤੇ ਪਰਿਵਾਰ ਬਰਬਾਦ ਹੋ ਰਿਹਾ ਹੈ। ਜਲੰਧਰ ਕੈਂਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਸੰਸਦ ਮੈਂਬਰ ਬਣਾਇਆ ਅਤੇ ਰਾਸ਼ਟਰੀ ਪੱਧਰ ’ਤੇ ਪਹਿਚਾਣ ਦਿੱਤੀ ਪਰ ਉਸ ਨੇ ਪਾਰਟੀ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਉਸਦਾ ਕੋਈ ਸਟੈਂਡ ਨਹੀਂ ਹੈ। ਅਜਿਹੇ ਲੋਕ ਕਿਸੇ ਦੇ ਨਹੀਂ ਹੋ ਸਕਦੇ। ਇਸ ਧੋਖਾਧੜੀ ਦਾ ਜਵਾਬ ਜਲੰਧਰ ਦੇ ਲੋਕ ਇਸ ਚੋਣ ਵਿਚ ਜਰੂਰ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਜੇਕਰ 1971 ਦੀ ਲੜਾਈ ’ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ : ਨਰਿੰਦਰ ਮੋਦੀ

ਆਦਮਪੁਰ ’ਚ ਭਗਵੰਤ ਮਾਨ ਨੇ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਦੇਸ਼ ਦਾ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦੀ ਚੋਣ ਪ੍ਰਣਾਲੀ ਵੀ ਖਤਮ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਰਾਹ ਵਿਕਾਸ, ਚੰਗੀ ਸਿੱਖਿਆ, ਮੁਫਤ ਇਲਾਜ ਦੀ ਸਹੂਲਤਾਵਾਂ ਅਤੇ ਬਿਹਤਰ ਸਰਕਾਰੀ ਸੁਵਿਧਾਵਾਂ ਵੱਲ ਨੂੰ ਲੈ ਕੇ ਜਾਂਦਾ ਹੈ, ਜਦਕਿ ਦੂਜਾ ਰਾਹ ਹੰਕਾਰ, ਤਾਨਾਸ਼ਾਹੀ ਅਤੇ ਸੰਵਿਧਾਨ ਦੇ ਖਾਤਮੇ ਵੱਲ ਨੂੰ ਲੈ ਕੇ ਜਾਂਦਾ ਹੈ। ਮਾਨ ਨੇ ਕਿਹਾ ਕਿ ਇਹ ਤੁਸੀ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜਾ ਰਾਹ ਬਿਹਤਰ ਹੈ ਅਤੇ ਕਿਹੜੇ ਰਾਹ ਦੀ ਚੋਣ ਕਰਨੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੁਲ ਦਾ ਠੇਕੇਦਾਰ ਭੱਜ ਗਿਆ ਹੈ। ਉਸੇ ਤਰ੍ਹਾਂ ਚਰਨਜੀਤ ਚੰਨੀ ਵੀ ਭੱਜ ਜਾਵੇਗਾ। ਜਿਸ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ, ਉਹ ਪੈਸਾ ਪੈਸਾ ਵੀ ਗਰੀਬਾਂ ਦੀ ਭਲਾਈ ਸਕੀਮਾਂ ਦਾ ਹੀ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ 

''ਆਪ'' ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਲੋਕਾਂ ਨੂੰ ਕਿਹਾ- ਮੈਨੂੰ ਇੱਕ ਮੌਕਾ ਦਿਓ, ਮੈਂ ਸੰਸਦ ''ਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਤੁਹਾਡੀ ਸੇਵਾ ''ਚ ਹਾਜ਼ਰ ਰਹਾਂਗਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਜਲੰਧਰ ਦੇ ਲੋਕਾਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਮੈਨੂੰ ਇੱਕ ਮੌਕਾ ਦਿਓ। ਮੈਂ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਤੁਹਾਡੇ ਲਈ ਹਮੇਸ਼ਾ ਹੀ ਹਾਜ਼ਰ ਰਹਾਂਗਾ।

ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੀ ਅਪੀਲ, ਮੈਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਤੁਸੀਂ ਪੰਜਾਬ ’ਚੋਂ ਕਾਂਗਰਸ ਤੇ ਅਕਾਲੀਆਂ ਨੂੰ ਜ਼ੀਰੋ ਕਰੋ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News