ਟਰੱਕ ਯੂਨੀਅਨਾ ਭੰਗ ਹੋਣ ਨਾਲ ਲੱਖਾਂ ਹੋ ਜਾਣਗੇ ਬੇਰੁਜਗਾਰ : ਟਰੱਕ ਆਪਰੇਟਰ

06/23/2017 6:26:57 PM

ਬੁਢਲਾਡਾ, (ਮਨਜੀਤ) - ਘਰ-ਘਰ ਰੋਜ਼ਗਾਰ ਦੇਣ ਦੀ ਗੱਲ ਕਰਨ ਵਾਲੀ ਕਾਂਗਰਸ ਸਰਕਾਰ 90 ਹਜ਼ਾਰ ਟਰੱਕ ਆਪਰੇਟਰਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ, ਕਿਉਂਕਿ ਟਰੱਕ ਆਪਰੇਟਰਾਂ ਤੋਂ ਇਲਾਵਾ ਟਰੱਕਾਂ ਨੂੰ ਚਲਾਉਣ ਲਈ ਡਰਾਈਵਰ, ਕੰਡਕਟਰ, ਮੁਨਸੀ ਲੱਖਾਂ ਦੀ ਤਦਾਦ 'ਚ ਟਰੱਕ ਯੂਨੀਅਨਾਂ ਭੰਗ ਹੋਣ ਨਾਲ ਬੇਰੁਜ਼ਗਾਰ ਹੋ ਜਾਣਗੇ। ਇਸ ਨੀਤੀ ਦਾ ਲਾਭ ਕੇਵਲ 5 ਪ੍ਰਤੀਸ਼ਤ ਅਮੀਰ ਆਪਰੇਟਰਾਂ ਨੂੰ ਹੀ ਹੋਵੇਗਾ। ਇਸ ਨਾਲ 95 ਪ੍ਰਤੀਸ਼ਤ ਟਰੱਕਾਂ ਨਾਲ ਸੰਬੰਧਿਤ ਲੋਕ ਦੋ ਡੰਗ ਦੀ ਰੋਟੀ ਤੋਂ ਮੋਹਤਾਜ ਹੋ ਜਾਣਗੇ।ਅੱਜ ਇੱਥੇ ਟਰੱਕ ਯੂਨੀਅਨ ਵਿਖੇ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕਰਨ ਦੇ ਲਏ ਗਏ ਫੈਸਲੇ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਅਜੈਬ ਸਿੰਘ ਕੈਲੇ, ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਬਿੱਲੂ, ਪ੍ਰਕਾਸ਼ ਚੰਦ ਲੋਰੀ, ਭੋਲਾ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਸੰਨੀ ਸ਼ਰਮਾ, ਬੋਘਾ ਸਿੰਘ, ਸੀਤਾ ਸਿੰਘ, ਨੀਲੂ ਸਿੰਘ, ਗੁਰਦੇਵ ਸਿੰਘ ਵਾਸਤਰ ਤੋਂ ਇਲਾਵਾ ਅਨੇਕਾਂ ਆਪਰੇਟਰਾਂ ਨੇ ਕਿਹਾ ਕਿ ਟਰੱਕ ਯੂਨੀਅਨ 'ਚ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਚਾਹੀਦੀ। ਇਹ ਇੱਕ ਟਰੱਕ ਆਪਰੇਟਰਾਂ ਦਾ ਸੁਤੰਤਰ ਅਦਾਰਾ ਹੈ। ਜਦੋਂ ਕਿ ਸਰਕਾਰ ਨੇ ਕਦੇ ਵੀ ਟਰੱਕ ਆਪਰੇਟਰਾਂ ਦੀ ਭਲਾਈ ਲਈ ਕੋਈ ਵੀ ਕੰਮ ਅੱਜ ਤੱਕ ਨਹੀ ਕੀਤਾ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਬੈਂਕਾਂ ਤੋਂ ਕਰਜ਼ੇ ਲੈ ਕੇ ਯੂਨੀਅਨਾਂ 'ਚ ਆਪਣੀਆਂ ਗੱਡੀਆਂ ਪਾਈਆਂ ਹੋਈਆਂ ਹਨ ਅਤੇ ਪੰਜਾਬ ਦੇ 117 ਹਲਕਿਆਂ ਚੋਂ 85 ਵਿਧਾਨ ਸਭਾ ਹਲਕਿਆਂ 'ਚ ਟਰੱਕ ਯੂਨੀਅਨ ਸਥਾਪਿਤ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ 'ਚ 2 ਹਜ਼ਾਰ ਤੋਂ ਲੈ ਕੇ 4 ਹਜ਼ਾਰ ਤੱਕ ਵੋਟ ਗਰੀਬ ਟਰੱਕ ਆਪਰੇਟਰਾਂ ਦੀ ਵੋਟ ਹੈ। ਆਪਰੇਟਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਠੀ ਭਰ ਅਮੀਰ ਲੋਕਾਂ ਲਈ ਲੱਖਾਂ ਟਰੱਕ ਆਪਰੇਟਰਾਂ ਦੇ ਢਿੱਡ 'ਚ ਲੱਤ ਨਾ ਮਾਰੀ ਜਾਵੇ ਤੇ ਟਰੱਕ ਯੂਨੀਅਨਾਂ ਭੰਗ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ ਅਤੇ ਰੇਟ ਫਿਕਸ ਕੀਤੇ ਜਾਣ। ਇਸ ਕਾਰੋਬਾਰ ਨੂੰ ਪ੍ਰਫੁਲਿੱਤ ਕਰਨ ਲਈ ਟਰੱਕ ਆਪਰੇਟਰਾਂ ਦੇ ਕਰਜ਼ੇ ਮਾਫ ਕੀਤੇ ਜਾਣ।


Related News