ਖਸਤਾਹਾਲ ਰੋਡ ''ਤੇ ਪਏ ਵੱਡੇ ਟੋਏ ''ਚ 2 ਟਰੱਕ ਧਸੇ
Thursday, Apr 12, 2018 - 08:00 AM (IST)

ਜੈਤੋ (ਜਿੰਦਲ) - ਸ੍ਰੀ ਮੁਕਤਸਰ ਸਾਹਿਬ ਤੋਂ ਬੱਸ ਸਟੈਂਡ ਜਾਣ ਵਾਲੀ ਹਸਪਤਾਲ ਰੋਡ ਦੀ ਹਾਲਤ ਬੇਹੱਦ ਖਸਤਾ ਹੈ। ਲੱਗਦਾ ਹੈ ਕਿ ਸਬੰਧਤ ਪ੍ਰਸ਼ਾਸਨ ਇੱਥੇ ਕੋਈ ਵੱਡਾ ਹਾਦਸਾ ਵਾਪਰਨ ਉਪਰੰਤ ਹੀ ਇਸ ਸੜਕ ਦੀ ਮੁਰੰਮਤ ਕਰਵਾਏਗਾ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਇਸੇ ਰੋਡ 'ਤੇ ਪਏ ਵੱਡੇ ਟੋਏ ਵਿਚ ਇਕ ਬੱਸ ਅਤੇ ਇਕ ਛੋਟਾ ਟਰੱਕ ਧਸ ਗਏ ਸਨ। ਕਰੇਨ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਟੋਏ 'ਚੋਂ ਬਾਹਰ ਕੱਢਿਆ ਗਿਆ ਸੀ। 'ਜਗ ਬਾਣੀ' ਵਿਚ ਇਸ ਸਬੰਧੀ ਖ਼ਬਰਾਂ ਵੀ ਛਪੀਆਂ ਸਨ ਪਰ ਸਰਕਾਰ ਅਤੇ ਪ੍ਰਸ਼ਾਸਨ 'ਤੇ ਕੋਈ ਅਸਰ ਨਹੀਂ ਹੋਇਆ, ਜਦਕਿ ਅੱਜ ਫਿਰ ਇਸ ਰੋਡ 'ਤੇ ਪਏ ਟੋਏ ਵਿਚ 2 ਟਰੱਕ ਧਸ ਗਏ।
ਇੱਥੋਂ ਦੇ ਦੁਕਾਨਦਾਰ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਸਾਲ ਤੋਂ ਉਹ ਪ੍ਰੇਸ਼ਾਨ ਹਨ, ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਉਹ ਸੰਘਰਸ਼ ਦਾ ਰਸਤਾ ਅਪਣਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।