ਪੰਜਾਬ ’ਚ ਯੂਨੀਅਨ ਦੀ ਬਹਾਲੀ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ
Tuesday, Dec 20, 2022 - 08:22 PM (IST)
ਫਿਲੌਰ (ਅੰਮ੍ਰਿਤ) : ਅੱਜ ਫਿਲੌਰ ’ਚ ਪੰਜਾਬ ਭਰ ਤੋਂ ਆਏ ਇਕ ਟਰੱਕ ਆਪ੍ਰੇਟਰ ਯੂਨੀਅਨ ਦੇ ਵੱਡੀ ਗਿਣਤੀ ਲੋਕਾਂ ਨੇ ਹਾਈਵੇ ’ਤੇ ਧਰਨਾ ਦੇ ਕੇ ਆਵਾਜਾਈ ਬੰਦ ਕਰ ਦਿੱਤੀ। ਉਨ੍ਹਾਂ ਦੀ ਮੰਗ ਸੀ ਕਿ ਜੇ ਸਰਕਾਰ ਨੇ ਪੰਜਾਬ ਅੰਦਰ ਟਰੱਕ ਆਪ੍ਰੇਟਰ ਯੂਨੀਅਨ ਨੂੰ ਬਹਾਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦੇਣਗੇ। ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਸੂਚਨਾ ਅਨੁਸਾਰ ਅੱਜ ਪੰਜਾਬ ਭਰ ਤੋਂ ਆਏ ਟਰੱਕ ਆਪ੍ਰੇਟਰ ਯੂਨੀਅਨ ਦੇ ਲੋਕਾਂ ਨੇ ਆਗੂਆਂ ਦੀ ਪ੍ਰਧਾਨਗੀ ’ਚ ਦੁਪਹਿਰ 12 ਵਜੇ ਨੈਸ਼ਨਲ ਹਾਈਵੇ ਦੀ ਸਬ-ਲਾਈਨ ’ਤੇ ਬੈਠ ਕੇ ਪਹਿਲਾਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਰਹੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜ਼ਿਆਦਾ ਦੇਖ ਕੇ ਉਥੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਪੰਜਾਬ ਜੰਗਲਾਤ ਨਿਗਮ ਦਾ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਦੁਪਹਿਰ 3.00 ਵਜੇ ਦੇ ਕਰੀਬ ਪ੍ਰਦਰਸ਼ਨ ਨੇ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ, ਜਦੋਂ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਲੁਧਿਆਣਾ-ਜਲੰਧਰ ਇਕ ਪਾਸੇ ਨੈਸ਼ਨਲ ਹਾਈਵੇਅ ਵਿਚਕਾਰ ਆ ਕੇ ਬੈਠ ਗਏ, ਜਿਸ ਨਾਲ ਦੋਵਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ। ਇਹ ਧਰਨਾ 2 ਘੰਟੇ ਸ਼ਾਮ 5 ਵਜੇ ਤਕ ਤਿਉਂ ਦਾ ਤਿਉਂ ਜਾਰੀ ਰਿਹਾ, ਜਿਸ ਕਾਰਨ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ।ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਮੰਗ ’ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਬੀਤੇ ਹਫ਼ਤੇ ਉਨ੍ਹਾਂ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਦੇ ਘਰ ਦੇ ਬਾਹਰ ਵੀ ਧਰਨਾ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਟਰੱਕ ਆਪ੍ਰੇਟਰ ਯੂਨੀਅਨ ਨੂੰ ਪੰਜਾਬ ’ਚ ਬਹਾਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ’ਚ ਹੋਰ ਵੀ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ ਪਰ ਸਰਕਾਰ ਦੇ ਮੰਤਰੀ ਵੱਲੋਂ ਉਨ੍ਹਾਂ ਨੂੰ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ, ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੂੰ ਨੈਸ਼ਨਲ ਹਾਈਵੇਅ ਦੇ ਵਿਚਕਾਰ ਬੈਠਣ ਲਈ ਮਜਬੂਰ ਹੋਣਾ ਪਿਆ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਹੈਦਰਾਬਾਦ ਵਿਖੇ ਵੱਡੇ ਉਦਯੋਗਪਤੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ, ਆਖੀ ਇਹ ਗੱਲ
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦਾ ਧਰਨਾ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਧਰਨੇ ’ਚ ਪ੍ਰਧਾਨ ਰਣਜੀਤ ਸਿੰਘ ਸਿੱਧੂ, ਪੋਲਾ ਹੈਪੀ ਸੰਧੂ, ਪੰਜਾਬ ਪ੍ਰਧਾਨ ਦੇ ਨਾਲ ਐੱਸ. ਡੀ. ਐੱਮ. ਅਮਨ ਪਾਲ ਸਿੰਘ, ਡੀ. ਐੱਸ. ਪੀ. ਜਗਦੀਸ਼ ਰਾਜ, ਤਹਿਸੀਲਦਾਰ ਬਲਜਿੰਦਰ ਸਿੰਘ, ਥਾਣਾ ਇੰਚਾਰਜ ਸੁਰਿੰਦਰ ਕੁਮਾਰ ਨਾਲ 2 ਘੰਟੇ ਮੀਟਿੰਗ ਚੱਲੀ, ਜਿਸ ’ਚ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਉਨ੍ਹਾਂ ਧਰਨਾ ਦੇ ਦਿੱਤਾ।