ਖੰਨਾ 'ਚ MP ਤੋਂ ਆ ਰਿਹਾ ਟਰੱਕ ਡਰਾਈਵਰ ਗ੍ਰਿਫ਼ਤਾਰ, ਕੈਬਿਨ 'ਚ ਲੁਕੋ ਰੱਖੀ ਸੀ ਇਕ ਕੁਇੰਟਲ ਭੁੱਕੀ
Monday, Jun 19, 2023 - 01:25 PM (IST)
ਖੰਨਾ (ਵਿਪਨ) : ਮੱਧ ਪ੍ਰਦੇਸ਼ ਤੋਂ ਭੁੱਕੀ ਲਿਆ ਕੇ ਪੰਜਾਬ ਅੰਦਰ ਸਪਲਾਈ ਕਰਨ ਵਾਲੇ ਇੱਕ ਟਰੱਕ ਡਰਾਈਵਰ ਨੂੰ ਖੰਨਾ ਪੁਲਸ ਨੇ ਕਾਬੂ ਕੀਤਾ ਹੈ। ਟਰੱਕ ਡਰਾਈਵਰ ਸੀਟ ਦੇ ਪਿੱਛੇ ਕੈਬਿਨ 'ਚ 4 ਪਲਾਸਟਿਕ ਦੀਆਂ ਬੋਰੀਆਂ 'ਚ ਇੱਕ ਕੁਇੰਟਲ ਭੁੱਕੀ ਲੁਕੋਈ ਹੋਈ ਸੀ। ਡਰਾਈਵਰ ਕੁਲਜਿੰਦਰ ਸਿੰਘ ਉਰਫ਼ ਕਾਕਾ ਸਮਰਾਲਾ ਦੇ ਪਿੰਡ ਚਹਿਲਾਂ ਦਾ ਰਹਿਣ ਵਾਲਾ ਹੈ, ਜਿਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਉਸ ਖ਼ਿਲਾਫ਼ ਥਾਣਾ ਸਿਟੀ 2 'ਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਦੌਰੇ 'ਤੇ, ਰੈਲੀ ਨੂੰ ਕਰਨਗੇ ਸੰਬੋਧਨ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਸ ਨੇ ਖੰਨਾ ਦੇ ਲਲਹੇੜੀ ਰੋਡ ਚੌਂਕ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅਸ਼ੋਕਾ ਲੇਲੈਂਡ ਟਰੱਕ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਜਦੋਂ ਪੁਲਸ ਟੀਮ ਨੇ ਉਨ੍ਹਾਂ ਦੀ ਹਾਜ਼ਰੀ 'ਚ ਟਰੱਕ ਦੀ ਤਲਾਸ਼ੀ ਲਈ ਤਾਂ ਡਰਾਈਵਰ ਦੀ ਸੀਟ ਦੇ ਪਿੱਛੇ ਕੈਬਿਨ ਵਿੱਚੋਂ 4 ਪਲਾਸਟਿਕ ਦੇ ਬੈਗ ਮਿਲੇ। ਹਰੇਕ ਥੈਲੇ 'ਚ 25 ਕਿੱਲੋ ਭੁੱਕੀ ਸੀ। ਕੁੱਲ ਇੱਕ ਕੁਇੰਟਲ ਭੁੱਕੀ ਬਰਾਮਦ ਹੋਈ। ਡੀ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਟਰੱਕ ਡਰਾਈਵਰ ਮੱਧ ਪ੍ਰਦੇਸ਼ ਤੋਂ ਭੁੱਕੀ ਲੈ ਕੇ ਆ ਰਿਹਾ ਸੀ। ਉਸ ਨੇ ਇਹ ਕਿੱਥੇ-ਕਿੱਥੇ ਸਪਲਾਈ ਕਰਨੀ ਸੀ, ਡਰਾਈਵਰ ਕਦੋਂ ਤੋਂ ਇਹ ਧੰਦਾ ਕਰਦਾ ਆ ਰਿਹਾ ਹੈ। ਇਸ ਬਾਰੇ ਪੁਲਸ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਮੁਰਗਾ' ਖਾਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਇਸ ਖ਼ਬਰ 'ਤੇ ਜ਼ਰੂਰ ਮਾਰ ਲਓ ਝਾਤ
1100 ਕਿਲੋਮੀਟਰ ਦੇ ਸਫ਼ਰ 'ਚ ਡਰਾਈਵਰ ਨਹੀਂ ਫੜ੍ਹਿਆ ਗਿਆ
ਮੱਧ ਪ੍ਰਦੇਸ਼ ਤੋਂ ਲੈ ਕੇ ਖੰਨਾ ਤੱਕ ਵੱਖ-ਵੱਖ ਸੂਬਿਆਂ ਦੀ ਪੁਲਸ ਦੀ ਮੁਸਤੈਦੀ 'ਤੇ ਵੀ ਸਵਾਲ ਉੱਠ ਰਹੇ ਹਨ। ਕਿਉਂਕਿ ਟਰੱਕ ਡਰਾਈਵਰ ਨੇ ਮੱਧ ਪ੍ਰਦੇਸ਼ ਤੋਂ ਖੰਨਾ ਤੱਕ ਕਰੀਬ 1100 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਖੰਨਾ ਆ ਕੇ ਫੜ੍ਹਿਆ ਗਿਆ। ਜੇਕਰ ਇਸ ਨਾਕੇ 'ਤੇ ਥੋੜ੍ਹੀ ਜਿਹੀ ਵੀ ਗਲਤੀ ਹੁੰਦੀ ਤਾਂ ਨਸ਼ੇ ਦੀ ਇਹ ਖ਼ੇਪ ਇੱਥੋਂ ਵੀ ਅੱਗੇ ਨਿਕਲ ਜਾਂਦੀ। ਆਪਣੇ ਸਫ਼ਰ ਦੌਰਾਨ ਡਰਾਈਵਰ ਨੇ ਅਨੇਕਾਂ ਪੁਲਸ ਨਾਕਿਆਂ ਤੋਂ ਇਹ ਗੱਡੀ ਕੱਢੀ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਨਾਕੇ 'ਤੇ ਇਸ ਦੀ ਤਲਾਸ਼ੀ ਨਹੀਂ ਲਈ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ