ਟਰੱਕ ਡਰਾਈਵਰ ਵੱਲੋਂ ਟਰਾਂਸਪੋਰਟ ਅਧਿਕਾਰੀ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼

Wednesday, Oct 29, 2025 - 12:51 PM (IST)

ਟਰੱਕ ਡਰਾਈਵਰ ਵੱਲੋਂ ਟਰਾਂਸਪੋਰਟ ਅਧਿਕਾਰੀ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼

ਮੋਗਾ (ਆਜ਼ਾਦ) : ਇਕ ਟਰੱਕ ਡਰਾਈਵਰ ਵਲੋਂ ਟਰਾਂਸਪੋਰਟ ਅਧਿਕਾਰੀ ਤੁਸ਼ਿਤਾ ਗੁਲਾਟੀ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਗੱਡੀ ਨੂੰ ਭਜਾ ਕੇ ਲਿਜਾਣ ਦੇ ਨਾਲ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਅਤੇ ਜੌਹਲ ਸਿੰਘ ਵਾਸੀ ਰੂਮੀ ਥਾਣਾ ਸਦਰ, ਜਗਰਾਉਂ ਨੂੰ ਟਰੱਕ ਅਤੇ ਟਰਾਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਕਥਿਤ ਦੋਸ਼ੀਆਂ ਵਿਰੁੱਧ ਅਜੀਤਵਾਲ ਪੁਲਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਟਰਾਂਸਪੋਰਟ ਅਧਿਕਾਰੀ 27 ਅਕਤੂਬਰ ਨੂੰ ਵਾਹਨਾਂ ਦੀ ਜਾਂਚ ਕਰ ਰਿਹਾ ਸੀ ਤਾਂ ਉਸਨੇ ਇਕ 18 ਪਹੀਆ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਇਨਕਾਰ ਕਰ ਦਿੱਤਾ। ਜਦੋਂ ਟਰਾਂਸਪੋਰਟ ਅਧਿਕਾਰੀ ਅਤੇ ਪੁਲਸ ਮੁਲਾਜ਼ਮਾਂ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਡਰਾਈਵਰ ਨੇ ਉਨ੍ਹਾਂ ਦੀ ਗੱਡੀ ਨੂੰ ਵੀ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਨੂੰ ਲੱਕੀ ਢਾਬੇ ’ਤੇ ਫੜ ਲਿਆ ਗਿਆ ਅਤੇ ਓਵਰਲੋਡਿੰਗ ਲਈ ਚਲਾਨ ਜਾਰੀ ਕੀਤਾ ਗਿਆ।

ਇਸ ਦੌਰਾਨ ਵਾਹਨ ਮਾਲਕ, ਗੁਰਪ੍ਰਤਾਪ ਸਿੰਘ ਅਤੇ ਉਸਦੇ ਸਾਥੀ, ਜੌਹਲ ਸਿੰਘ ਨੇ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਨੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਟਰੱਕ ਅਤੇ ਟਰਾਲੇ ਨੂੰ ਕਾਬੂ ਕਰ ਲਿਆ ਹੈ ਅਤੇ ਪੁੱਛ-ਗਿੱਛ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News