ਟਰੱਕ ਨਾਲ ਮੋਟਰਸਾਈਕਲ ਟਕਰਾਇਆ, 3 ਜ਼ਖਮੀ

03/02/2018 3:56:50 AM

ਬਟਾਲਾ/ਫਤਿਹਗੜ੍ਹ ਚੂੜੀਆਂ,  (ਬੇਰੀ, ਸਾਰੰਗਲ)-   ਫਤਿਹਗੜ੍ਹ ਚੂੜੀਆਂ-ਬਟਾਲਾ ਰੋਡ 'ਤੇ ਟਰੱਕ ਨਾਲ ਮੋਟਰਸਾਈਕਲ ਦੇ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਸਮੇਤ ਤਿੰਨ ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਮੁਰੀਦਕੇ ਮੋਟਰਸਾਈਕਲ 'ਤੇ ਰੁਪਿੰਦਰ ਕੌਰ ਵਾਸੀ ਮੁਰੀਦਕੇ ਤੇ ਰਜਨੀ ਵਾਸੀ ਮੁੱਲੇਚੱਕ ਨਾਲ ਸਵਾਰ ਹੋ ਕੇ ਜਾ ਰਹੇ ਸੀ। ਜਦੋਂ ਇਹ ਫਤਿਹਗੜ੍ਹ ਚੂੜੀਆਂ ਬਟਾਲਾ ਰੋਡ 'ਤੇ ਪਹੁੰਚੇ ਤਾਂ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨੂੰ ਕਰਾਸ ਕਰਦਿਆਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਸਾਹਮਣਿਓਂ ਆ ਰਹੇ ਟਰੱਕ ਨੰ. ਪੀ ਬੀ 11 ਏ ਡੀ 9795 ਨਾਲ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਉਕਤ ਤਿੰਨੋਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮਹਾਜਨ ਹਸਪਤਾਲ ਫਤਿਹਗੜ੍ਹ ਚੂੜੀਆਂ ਭਰਤੀ ਕਰਵਾਇਆ ਗਿਆ। 
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫਤਿਹਗੜ੍ਹ ਚੂੜੀਆਂ ਦੇ ਏ. ਐੱਸ. ਆਈ. ਰੁਪਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। 


Related News