ਪੇਂਟ ਦੀਆਂ ਬਾਲਟੀਆਂ ਨਾਲ ਭਰਿਆ ਟਰੱਕ 60 ਫੁੱਟ ਡੂੰਘੇ ਘੱਗਰ ਦਰਿਆ ’ਚ ਡਿੱਗਿਆ, ਚਾਲਕ ਦੀ ਮੌਤ

Tuesday, Mar 14, 2023 - 11:18 AM (IST)

ਬਨੂੜ (ਗੁਰਪਾਲ) : ਬਨੂੜ ਤੋਂ ਲਾਲੜੂ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਪਿੰਡ ਮਨੌਲੀ ਸੂਰਤ ਨੇੜਿਓਂ ਲੰਘ ਰਹੇ ਘੱਗਰ ਦਰਿਆ ’ਚ ਪੇਂਟ ਦੀਆਂ ਬਾਲਟੀਆਂ ਨਾਲ ਭਰਿਆ ਟਰੱਕ ਡਿੱਗ ਜਾਣ ’ਤੇ ਭਿਆਨਕ ਹਾਦਸੇ ’ਚ ਟਰੱਕ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਵੇਰੇ 3 ਕੁ ਵਜੇ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਪੇਂਟ ਦੀਆਂ ਬਾਲਟੀਆਂ ਨਾਲ ਭਰਿਆ ਟਰੱਕ ਜਲੰਧਰ ਜਾ ਰਿਹਾ ਸੀ। ਇਹ ਟਰੱਕ ਬਨੂੜ ਤੋਂ ਲਾਲੜੂ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਪਿੰਡ ਮਨੋਲੀ ਸੂਰਤ ਨੇੜਿਓਂ ਲੰਘਦੇ ਘੱਗਰ ਦਰਿਆ ’ਤੇ ਬਣਾਏ ਗਏ ਪੁੱਲ ਤੋਂ ਲੰਘ ਰਿਹਾ ਸੀ। ਅਚਾਨਕ ਟਰੱਕ ਚਾਲਕ ਨੇ ਪੁੱਲ ’ਤੇ ਪਏ ਖੱਡੇ ਨੂੰ ਬਚਾਉਣ ਲੱਗਾ ਤਾਂ ਟਰੱਕ ਘੱਗਰ ਦਰਿਆ ’ਚ ਡਿੱਗ ਗਿਆ।

ਹਾਦਸੇ ’ਚ ਟਰੱਕ ਚਾਲਕ ਨੁਕਸਾਨੇ ਗਏ ਟਰੱਕ ’ਚ ਹੀ ਫਸ ਗਿਆ ਅਤੇ ਬਾਲਟੀਆਂ ’ਚ ਭਰਿਆਂ ਪੇਂਟ ਦਰਿਆ ’ਚ ਲੰਘ ਰਹੇ ਪਾਣੀ ’ਚ ਖਿੱਲਰ ਗਈਆਂ। ਸੂਚਨਾ ਮਿਲਣ ’ਤੇ ਏ. ਐੱਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਰਾਹਗੀਰਾਂ ਦੀ ਮਦਦ ਨਾਲ ਚਾਲਕ ਨੂੰ ਕੱਢਿਆ ਜਿਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਲਾਸ਼ ਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ। ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣਣ ਜਸਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਪਨਿਆਲੀ ਥਾਣਾ ਕਾਠਗੜ੍ਹ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਜੋਂ ਹੋਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆ ਕੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚੋਂ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
 


Gurminder Singh

Content Editor

Related News