ਟਰੱਕ ਚਾਲਕ ਦੀ ਲਾਪ੍ਰਵਾਹੀ ਨਾਲ ਹੋਈ ਮੌਤ, ਅਣਪਛਾਤੇ ਚਾਲਕ ਖ਼ਿਲਾਫ ਮਾਮਲਾ ਦਰਜ
Monday, Nov 27, 2023 - 06:26 PM (IST)

ਮੋਗਾ (ਆਜ਼ਾਦ) : ਮੋਗਾ ਦੇ ਥਾਣਾ ਬਾਘਾ ਪੁਰਾਣਾ ਵਿਚ ਟਰੱਕ ਚਾਲਕ ਦੀ ਲਾਪ੍ਰਵਾਹੀ ਨਾਲ ਹੋਈ ਮੌਤ ਦੇ ਮਾਮਲੇ ਵਿਚ ਅਣਪਛਾਤੇ ਟਰੱਕ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾ ਪੁਰਾਣਾ ਦੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਨਿਵਾਸੀ ਢੀਮਾ ਵਾਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਨਾਨਕੇ ਪਿੰਡ ਲੰਗੇਆਣਾ ਨਵਾਂ ਆਇਆ ਹੋਇਆ ਸੀ ਅਤੇ ਮੇਰਾ ਮਾਮਾ ਬਲਕਰਨ ਸਿੰਘ (27) ਜੋ 18 ਨਵੰਬਰ ਨੂੰ ਮੇਰੇ ਨਾਲ ਮੋਟਰਸਾਈਕਲ ’ਤੇ ਦਾਣਾ ਮੰਡੀ ਬਾਘਾ ਪੁਰਾਣਾ ਵਿਚ ਕੰਮ ਖਤਮ ਕਰ ਕੇ ਪਿੰਡ ਲੰਗੇਆਣਾ ਆ ਰਹੇ ਸਨ ਅਤੇ ਮੇਰਾ ਮਾਮਾ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੈਂ ਪਿੱਛੇ ਬੈਠਾ ਸੀ।
ਰਾਤ 9.30 ਵਜੇ ਜਦ ਉਹ ਮਿਦਾਸ ਸ਼ੈਲਰ ਮੁੱਦਕੀ ਰੋਡ ’ਤੇ ਪਹੁੰਚੇ ਤਾਂ ਸਾਡੇ ਸਾਹਮਣੇ ਇਕ 10 ਟਾਇਰੀ ਟਰੱਕ ਖੜ੍ਹਾ ਸੀ। ਟਰੱਕ ਥੋੜਾ ਪਿੱਛੇ ਸੀ ਤਾਂ ਟਰੱਕ ਡਰਾਈਵਰ ਨੇ ਬਿਨਾਂ ਕੁਝ ਦੇਖੇ ਲਾਪ੍ਰਵਾਹੀ ਨਾਲ ਟਰੱਕ ਮੋੜਨ ਲੱਗਾ ਤਾਂ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਅਸੀਂ ਦੋਵੇਂ ਡਿੱਗ ਪਏ ਅਤੇ ਅਣਪਛਾਤਾ ਟਰੱਕ ਡਰਾਈਵਰ ਟਰੱਕ ਨੂੰ ਭਜਾ ਕੇ ਲੈ ਗਿਆ ਅਤੇ ਮੇਰਾ ਮਾਮਾ ਬਲਕਰਨ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਿਜਾਇਆ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਟਰੱਕ ਚਾਲਕ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।