ਮੁੱਖ ਮਾਰਗ ’ਤੇ ਡਿਵਾਈਡਰ ਨਾਲ ਟਕਰਾਉਣ ’ਤੇ ਬੱਜਰੀ ਨਾਲ ਲੱਦਿਆ ਟਿੱਪਰ ਪਲਟਿਆ

Tuesday, Jul 02, 2024 - 03:49 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ) : ਅੱਧੀ ਰਾਤ ਨੂੰ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਸਥਾਨਕ ਸ਼ਹਿਰ ਅੰਦਰ ਬਣੇ ਡਿਵਾਈਡਰ ਨਾਲ ਟਕਰਾ ਜਾਣ ’ਤੇ ਇਕ ਬੱਜਰੀ ਨਾਲ ਲੱਦਿਆ ਟਿੱਪਰ ਪਲਟ ਗਿਆ। ਜਿਸ ਦੌਰਾਨ ਚਾਲਕ ਦੇ ਮਾਮੂਲੀ ਜਖਮੀਂ ਹੋਣ ਕਾਰਨ ਉਸਦਾ ਵਾਲ-ਵਾਲ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਘਟਨਾ ਵਾਲੇ ਸਥਾਨ ਤੋਂ ਮਾਤਰ 10 ਮੀਟਰ ਦੀ ਦੂਰੀ ’ਤੇ ਬਿਜਲੀ ਦੇ 3 ਟਰਾਂਸਫਾਰਮਰ ਹਨ, ਜਿਸ ਨਾਲ ਟਿੱਪਰ ਟਕਰਾਉਣ ਤੋਂ ਬਚ ਗਿਆ, ਜਦੋਂਕਿ ਆਸ-ਪਾਸ ਕਈ ਦੁਕਾਨਾਂ ਵੀ ਸਥਿਤ ਹਨ।

ਇਸ ਤੋਂ ਇਲਾਵਾ ਇਸ ਸੜਕ ਤੋਂ ਭਾਰੀ ਟ੍ਰੈਫਿਕ ਲੰਘਦੀ ਹੈ ਪਰ ਸ਼ੁਕਰ ਹੈ ਕਿ ਉਕਤ ਹਾਦਸਾ ਰਾਤ ਕਰੀਬ 2 ਵਜੇ ਵਾਪਰਿਆ ਨਹੀਂ ਤਾਂ ਕਿਸੇ ਤਰ੍ਹਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬੱਜਰੀ ਨਾਲ ਲੱਦਿਆ ਟਰੱਕ ਰਾਤ ਸਮੇਂ ਕਲਵਾਂ ਸਾਈਡ ਤੋਂ ਬੱਜਰੀ ਲੈ ਕੇ ਮਾਛੀਵਾੜਾ ਜਾ ਰਿਹਾ ਸੀ। ਇਸ ਦੌਰਾਨ ਨੂਰਪੁਰਬੇਦੀ ਸ਼ਹਿਰ ’ਚ ਦਾਖ਼ਲ ਹੋਣ ਮੌਕੇ ਉਕਤ ਟਿੱਪਰ ਅਚਾਨਕ ਡਿਵਾਈਡਰ ਨਾਲ ਟਕਰਾ ਜਾਣ ’ਤੇ ਪਲਟ ਗਿਆ।

ਆਸ-ਪਾਸ ਦੇ ਲੋਕ ਵੀ ਰਾਤ ਸਮੇਂ ਟਿੱਪਰ ਦੇ ਪਲਟਣ ਕਾਰਨ ਪੈਦਾ ਹੋਈ ਜ਼ੋਰਦਾਰ ਅਵਾਜ਼ ਸੁਣ ਕੇ ਡਰ ਗਏ ਅਤੇ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਉਕਤ ਟਿੱਪਰ ਚਾਲਕ ਹਿੰਮਤ ਕਰਕੇ ਕਿਸੇ ਤਰ੍ਹਾਂ ਗੱਡੀ ’ਚੋਂ ਬਾਹਰ ਆਇਆ ਅਤੇ ਨਜ਼ਦੀਕੀ ਹਸਪਤਾਲ ਵਿਖੇ ਖ਼ੁਦ ਹੀ ਇਲਾਜ ਲਈ ਪਹੁੰਚ ਗਿਆ। ਟਿੱਪਰ ਚਾਲਕ ਤਜਿੰਦਰ ਸਿੰਘ ਨਿਵਾਸੀ ਕੱਚਾ ਮਾਛੀਵਾੜਾ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਜਦੋਂ ਉਹ ਨੂਰਪੁਰਬੇਦੀ ਵਿਖੇ ਪਹੁੰਚਿਆ ਤਾਂ ਅਚਾਨਕ ਸੜਕ ’ਤੇ ਘੁੰਮ ਰਹੇ ਕੁੱਝ ਜਾਨਵਰਾਂ ਨੂੰ ਬਚਾਉਂਦੇ ਸਮੇਂ ਉਸ ਦਾ ਟਿੱਪਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ।

ਚਾਲਕ ਦੇ ਸਿਰ ਅਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਉਸਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਦੌਰਾਨ ਮੁੱਖ ਮਾਰਗ ’ਤੇ ਟਿੱਪਰ ਦੇ ਪਲਟਣ ਕਾਰਨ ਅੱਜ ਸਮੁੱਚਾ ਦਿਨ ਨੂਰਪੁਰਬੇਦੀ ਸ਼ਹਿਰ ’ਚ ਆਵਾਜਾਈ ਪ੍ਰਭਾਵਿਤ ਹੋਈ, ਜਦਕਿ ਸਥਾਨਕ ਪੁਲਸ ਨੇ ਇਸ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ।


Babita

Content Editor

Related News