ਸਕੂਲਾਂ ’ਚ ‘ਕੋਆਰਨਟਾਈਨ ਸੈਂਟਰ’ ਬਣੇ ਸਕੂਲ ਮੁਖੀਆਂ ਲਈ ਮੁਸੀਬਤ

Sunday, May 10, 2020 - 01:00 AM (IST)

ਸਕੂਲਾਂ ’ਚ ‘ਕੋਆਰਨਟਾਈਨ ਸੈਂਟਰ’ ਬਣੇ ਸਕੂਲ ਮੁਖੀਆਂ ਲਈ ਮੁਸੀਬਤ

ਪਟਿਆਲਾ , (ਜ. ਬ.)- ਬੇਘਰਿਆਂ ਅਤੇ ਮੰਗਤਿਆਂ ਲਈ ਸਕੂਲਾਂ ਵਿਚ ‘ਕੋਆਰਨਟਾਈਨ ਸੈਂਟਰ’ ਬਨਾਉਣਾ ਹੁਣ ਸਕੂਲ ਅਥਾਰਟੀਜ਼ ਲਈ ਮੁਸੀਬਤ ਬਣ ਰਿਹਾ ਹੈ। ਕਾਰਣ ਇਹ ਹੈ ਕਿ ਵੱਖ-ਵੱਖ ਸਕੂਲਾਂ ਵਿਚ ਬਣੇ ‘ਕੋਆਰਨਟਾਈਨ ਸੈਂਟਰਾਂ’ ਵਿਚ ਰੱਖੇ ਗਏ ਇਨ੍ਹਾਂ ਬੇਘਰਿਆਂ ਅਤੇ ਮੰਗਤਿਆਂ ਨੂੰ ਖਾਣਾ ਦੇਣ ਦੀ ਜ਼ਿੰਮੇਵਾਰੀ ਜਬਰਦਸਤੀ ਸਕੂਲ ਮੁਖੀਆਂ ’ਤੇ ਪਾਈ ਜਾ ਰਹੀ ਹੈ। ਇਸ ਕਾਰਣ ਸਕੂਲ ਮੁਖੀ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਲੋਕਾਂ ਲਈ ਖਾਣਾ ਕਿੱਥੋਂ ਮੁਹੱਈਆ ਕਰਵਾਉਣ ਕਿਉਂਕਿ ਇਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਉਨ੍ਹਾਂ ਕੋਲ ਕੋਈ ਫੰਡ ਨਹੀਂ ਹੈਂ। ਇਹ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੈ ਅਤੇ ਸਕੂਲ ਮੁਖੀਆਂ ਨੂੰ ਇਹ ਕਰਨ ਲਈ ਫਿਰ ਕਿਉਂ ਕਿਹਾ ਜਾ ਰਹਾ ਹੈ। ਇਹ ਮਾਮਲਾ ਸਕੂਲ ਮੁਖੀਆਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਦੇ ਸਾਹਮਣੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਮੀਟਿੰਗ ਵਿਚ ਵੀ ਉਠਾਇਆ। ਉੱਥੇ ਹੀ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਇਸ ਮਾਮਲੇ ਨੂੰ ਐੱਸ. ਡੀ. ਐੱਮ. ਦੇ ਸਾਹਮਣੇ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਨਿਰਦੇਸ਼ ਜਾਰੀ ਹੋਏ ਹਨ ਕਿ ਸਕੂਲ ਮੁਖੀ ਖਾਣਾ ਨਹੀਂ ਦੇਣਗੇ ਬਲਕਿ ਇਹ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੈ ਅਤੇ ਉਹੀ ਇਸ ਨੂੰ ਨਿਭਾਅ ਰਹੇ ਹਨ ।

‘ਲਾਕਡਾਉਨ’ ਸ਼ੁਰੂ ਹੋਣ ਤੋਂ ਬਾਅਦ ਸਕੂਲ ਨੂੰ ‘ਕੋਆਰਨਟਾਈਨ ਸੈਂਟਰ’ ’ਚ ਬਦਲਿਆ ਗਿਆ

ਗੌਰਤਲਬ ਹੈ ਕਿ ਜਦੋਂ ਤੋਂ ‘ਲਾਕਡਾਉਨ’ ਸ਼ੁਰੂ ਹੋਇਆ ਹੈ , ਉਸ ਤੋਂ ਕੁਝ ਦਿਨਾਂ ਬਾਅਦ ਹੀ ਸਰਕਾਰੀ ਮਲਟੀਪਰਪਜ਼ ਕੋ. ਐੱਡ ਸਕੂਲ ਨੂੰ ‘ਕੋਆਰਨਟਾਈਨ ਸੈਂਟਰ’ ਵਿਚ ਬਦਲਿਆ ਗਿਆ ਅਤੇ 21 ਨੰਬਰ ਫਾਟਕ , ਗੁਰੁਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ , ਕਾਲੀ ਮਾਤਾ ਮੰਦਰ ਸਮੇਤ ਹੋਰ ਕਈ ਥਾਵਾਂ ਜਿੱਥੇ ਇਹ ਬੇਘਰੇ ਵਿਅਕਤੀ ਅਤੇ ਮੰਗਤੇ ਘੁੰਮ ਰਹੇ ਸਨ , ਨੂੰ ਇਸ ਸੈਂਟਰ ਵਿਚ ਰੱਖਿਆ ਗਿਆ ਹੈ। ਸਕੂਲ ਦੇ ਕਈ ਕਮਰਿਆਂ ਨੂੰ ਖਾਲੀ ਕਰਵਾਇਆ ਗਿਆ ਸੀ। 150 ਵਿਅਕਤੀ ਇੱਥੇੇ ਰਹਿ ਰਹੇ ਹਨ। ਇਸ ਤੋਂ ਬਾਅਦ ਸਰਕਾਰੀ ਸਕੂਲ ਮਾਡਲ ਟਾਊਨ ਅਤੇ ਜ਼ਿਲੇ ਦੇ ਕਈ ਹੋਰ ਸਕੂਲਾਂ ਨੂੰ ਵੀ ‘ਕੋਆਰਨਟਾਈਨ ਸੈਂਟਰ’ ਵਿਚ ਬਦਲਿਆ ਗਿਆ ਕਿਉਂਕਿ ਇਨ੍ਹਾਂ ਬੇਘਰਿਆਂ ਦਾ ਖਿਆਲ ਰੱਖਣ ਅਤੇ ਇਨ੍ਹਾਂ ਨੂੰ ਖਾਣਾ ਆਦਿ ਦੇਣ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੈ ਅਤੇ ਰੈੱਡਕਰਾਸ ਵੱਲੋਂ ਇਨ੍ਹਾਂ ਲਈ ਖਾਣਾ ਦਿੱਤਾ ਜਾ ਰਿਹਾ ਹੈ।

ਨਿਰਦੇਸ਼ ਮਿਲਣ ਤੋਂ ਬਾਅਦ ਇਕ ਸਕੂਲ ਨੇ ਖਾਣਾ ਮੁਹੱਈਆ ਵੀ ਕਰਵਾਇਆ

ਜਾਣਕਾਰੀ ਮੁਤਾਬਕ ਵੀਡੀਓ ਕਾਨਫਰੰਸਿੰਗ ਵਿਚ ਸਕੂਲ ਮੁਖੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲ ਮੁਖੀ ਸਕੂਲ ‘ਕੋਆਰਨਟਾਈਨ ਸੈਂਟਰ’ ਵਿਚ ਰਹਿ ਰਹੇ ਇਨ੍ਹਾਂ ਵਿਅਕਤੀਆਂ ਨੂੰ ਖਾਣਾ ਮੁਹੱਈਆ ਕਰਵਾਉਣ। ਹਾਲਾਕਿ ਇਸ ਮਾਮਲੇ ਵਿਚ ਜ਼ਿਲਾ ਪ੍ਰਸ਼ਾਸਨ ਅਥਾਰਟੀ ਨੂੰ ਪਤਾ ਨਹੀਂ ਸੀ। ਇਹ ਨਿਰਦੇਸ਼ ਸਰਕਾਰੀ ਸਕੂਲ ਤ੍ਰਿਪਡ਼ੀ , ਸਰਕਾਰੀ ਸਕੂਲ ਮਾਡਲ ਟਾਊਨ ਅਤੇ ਸਰਕਾਰੀ ਸਕੂਲ ਘਨੌਰ ਆਦਿ ਦੇ ਮੁਖੀਆਂ ਨੂੰ ਦਿੱਤੇ ਗਏ। ਇਸ ਤੋਂ ਬਾਅਦ ਤੋਂ ਹੀ ਸਕੂਲ ਮੁਖੀਆਂ ਨੂੰ ਚਿੰਤਾ ਹੋ ਗਈ ਕਿ ਉਹ ਸੈਂਕਡ਼ੇ ਬੇਘਰਿਆਂ ਅਤੇ ਮੰਗਤਿਆਂ ਨੂੰ ਖਾਣਾ ਕਿੱਥੋਂ ਦੇਣਗੇ। ਇਨ੍ਹਾਂ ਹੀ ਨਹੀਂ ਜਾਣਕਾਰੀ ਮੁਤਾਬਕ ਇਕ ਸਕੂਲ ਮੁਖੀ ਨੇ ਮਿਡ ਡੇ ਮੀਲ ਬਨਾਉਣ ਵਾਲੇ ਇਕ-ਦੋ ਕਰਮਚਾਰੀਆਂ ਨੂੰ ਸੱਦ ਕੇ ਇਕ ਦਿਨ ਇਨ੍ਹਾਂ ਵਿਅਕਤੀਆਂ ਨੂੰ ਖਾਣਾ ਬਣਵਾ ਕੇ ਖਵਾਇਆ।


author

Bharat Thapa

Content Editor

Related News