ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝੀ, ਪਤੀ ਹੀ ਨਿਕਲਿਆ ਕਾਤਲ (ਵੀਡੀਓ)

Sunday, Oct 14, 2018 - 05:16 PM (IST)

ਫਰੀਦਕੋਟ (ਜਗਤਾਰ) - ਬੀਤੇ ਦਿਨੀਂ ਫਰੀਦਕੋਟ 'ਚ ਇਕ ਇਲੈਕਟ੍ਰੀਸ਼ਨ ਦੀ ਪਤਨੀ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਦੇ ਸਬੰਧ 'ਚ ਫਰੀਦਕੋਟ ਪੁਲਸ ਨੇ ਅੱਜ ਵਿਸ਼ੇਸ਼ ਕਾਨਫਰੰਸ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ। ਇਸ ਤੀਹਰੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੇ ਗਏ ਪਲਾਸਟਿਕ ਦੇ ਗਲੱਵਜ਼ ਬਰਾਮਦ ਕਰਨ ਦਾ ਦਾਅਵਾ ਪੁਲਸ ਵਲੋਂ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 9 ਅਕਤੂਬਰ ਨੂੰ ਫਰੀਦਕੋਟ ਦੇ ਸੁੰਦਰ ਨਗਰ ਦੀ ਗਲੀ ਨੰਬਰ-5 'ਚ ਸਵੇਰੇ ਵਾਪਰੀ ਇਸ ਭਿਆਨਕ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਸੁੰਨ ਕਰ ਦਿੱਤਾ ਸੀ। ਬਿਜਲੀ ਵਿਭਾਗ 'ਚ ਠੇਕਾ ਅਧਾਰਿਤ ਕੰਮ ਕਰਨ ਵਾਲੇ ਇਕ ਇਲੈਕਟ੍ਰੀਸ਼ਨ ਦੀ ਪਤਨੀ ਅਤੇ ਉਸ ਦੇ ਦੋ ਬੱਚਿਆਂ ਦੀ ਰਹੱਸਮਈ ਢੱਗ ਨਾਲ ਹੋਈ ਮੌਤ ਨੇ ਪੁਲਸ ਅਤੇ ਸ਼ਹਿਰ ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਤੋਂ ਪਰਦਾ ਉਠਾਉਂਦੇ ਹੋਏ ਦੱਸਿਆ ਕਿ ਮ੍ਰਿਤਕ ਔਰਤ ਦਾ ਪਤੀ ਹੀ ਆਪਣੀ ਪਤਨੀ ਅਤੇ ਬੱਚਿਆ ਦਾ ਕਾਤਲ ਨਿਕਲਿਆ, ਜਿਸ ਨੇ ਬੜੀ ਸਫਾਈ ਨਾਲ ਇਸ ਤੀਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਧਰਮਿੰਦਰ ਕੁਮਾਰ ਦੇ ਸਿਰ 'ਤੇ ਕਰੀਬ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਸੀ, ਜੋ ਉਸ ਨੇ ਮੀਟਰ ਟੈਂਪਰਿੰਗ ਕਰਕੇ ਬਿੱਲ ਘਟਾਉਣ ਖਾਤਰ ਵੱਖ-ਵੱਖ ਲੋਕਾਂ ਤੋਂ ਲਿਆ ਸੀ। ਮੀਟਰ ਟੈਂਪਰਿੰਗ ਨਾ ਹੋਣ ਕਾਰਨ ਲੋਕ ਉਸ ਨੂੰ ਪੈਸਾ ਵਾਪਸ ਕਰਨ ਲਈ ਕਹਿ ਰਹੇ ਸਨ। ਧਰਮਿੰਦਰ ਸਿੰਘ ਨੇ ਲੋਕਾਂ ਤੋਂ ਬਚਣ ਲਈ ਇਸ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ।


Related News