ਪਸ਼ੂ ਪਾਲਣ ਵਿਭਾਗ ਵੱਲੋਂ 25 ਲੱਖ ਤੋਂ ਜ਼ਿਆਦਾ ਪਸ਼ੂਆਂ ਨੂੰ ਲਾਏ ਗਏ ਗਲ ਘੋਟੂ ਬੀਮਾਰੀ ਦੇ ਟੀਕੇ
Thursday, Jul 15, 2021 - 04:21 PM (IST)
ਮੋਹਾਲੀ (ਨਿਆਮੀਆਂ) : ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਯੋਗ ਅਗਵਾਈ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿਚ 55 ਲੱਖ ਪਸ਼ੂਆਂ ਨੂੰ ਗਲ ਘੋਟੂ ਬੀਮਾਰੀ ਦੇ ਟੀਕੇ ਲਗਾਏ ਜਾਣੇ ਹਨ। ਇਨ੍ਹਾਂ ਵਿਚੋਂ ਹੁਣ ਤੱਕ 27 ਲੱਖ ਤੋਂ ਜ਼ਿਆਦਾ ਪਸ਼ੂਆਂ ਨੂੰ ਗਲ ਘੋਟੂ ਦੀ ਬੀਮਾਰੀ ਤੋਂ ਬਚਾਅ ਦੇ ਟੀਕੇ ਲਗਾਏ ਜਾ ਚੁੱਕੇ ਹਨ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਹਰਬਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਸ਼ੂਆਂ ਨੂੰ ਗਲ ਘੋਟੂ ਬੀਮਾਰੀ ਦੇ ਟੀਕੇ ਲਾਉਣ ਦਾ 55 ਲੱਖ ਖ਼ੁਰਾਕਾਂ ਦਾ ਟੀਚਾ ਮਿੱਥਿਆ ਗਿਆ ਹੈ। ਡਾ. ਕਾਹਲੋਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਟੀਮਾਂ ਜਦੋਂ ਵੀ ਉਨ੍ਹਾਂ ਦੇ ਘਰਾਂ ਵਿਚ ਇਹ ਟੀਕੇ ਲਗਾਉਣ ਲਈ ਆਉਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਕੇ ਪਸ਼ੂਆਂ ਨੂੰ ਇਹ ਟੀਕੇ ਪਹਿਲ ਦੇ ਆਧਾਰ 'ਤੇ ਲਵਾਏ ਜਾਣ। ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਟੀਕੇ ਲਾਉਣ ਦਾ ਇਹ ਮੌਸਮ ਬਹੁਤ ਹੀ ਢੁੱਕਵਾਂ ਹੈ। ਗਲ ਘੋਟੂ ਬੀਮਾਰੀ ਦੇ ਟੀਕੇ ਲੱਗਣ ਤੋਂ ਬਾਅਦ ਪਸ਼ੂਆਂ ਨੂੰ ਇਸ ਬੀਮਾਰੀ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇਗਾ।