ਪੰਜਾਬ ਦੇ ਪਿੰਡਾਂ ''ਤੇ ਮਿਹਰਬਾਨ ਕੈਪਟਨ ਸਰਕਾਰ, ਦੇਵੇਗੀ ਇਹ ਖ਼ਾਸ ਸਹੂਲਤ
Sunday, Aug 09, 2020 - 04:33 PM (IST)
ਚੰਡੀਗੜ੍ਹ : ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ ਵਾਂਗ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਉਪਰਾਲੇ ਦੇ ਤਹਿਤ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਮਹਿਕਮੇ ਵੱਲੋਂ ਪਿੰਡਾਂ 'ਚ ਪਾਰਕ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸ ਸਬੰਧੀ ਅੱਜ ਇੱਥੋਂ ਜਾਰੀ ਬਿਆਨ 'ਚ ਜਾਣਕਾਰੀ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਾਲ ਸਰਕਾਰ ਵੱਲੋਂ 1500 ਖੇਡ ਮੈਦਾਨ ਅਤੇ ਪਾਰਕ ਬਣਾਏ ਜਾਣਗੇ। ਇਸ ਦੇ ਨਾਲ ਹੀ ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਚੱਲਦਿਆਂ ਇਸ ਲੰਘੇ ਸਮੇਂ ਦੌਰਾਨ ਕੋਰੋਨਾ ਮਹਾਮਾਰੀ ਦੇ ਬਾਵਜੂਦ ਵੀ ਵਿੱਤੀ ਸਾਲ 2020-21 ਦੌਰਾਨ ਸੂਬੇ ਅੰਦਰ ਕੁੱਲ 750 ਪਾਰਕ ਬਣਾਏ ਜਾਣਗੇ, ਜਿਨ੍ਹਾਂ 'ਚੋਂ 578 ਪਾਰਕ ਨਿਰਮਾਣ ਅਧੀਨ ਹਨ।
ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡਾਂ 'ਚ 750 ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਹੈ, ਜਿਨ੍ਹਾਂ 'ਚੋਂ ਕੁੱਲ 165 ਖੇਡ ਦੇ ਮੈਦਾਨ ਨਿਰਮਾਣ ਅਧੀਨ ਹਨ। ਬਾਜਵਾ ਨੇ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜਿੱਥੇ ਪਿੰਡਾਂ ਦੀ ਦਿੱਖ ਵਧੀਆ ਬਣ ਸਕੀ ਹੈ, ਉੱਥੇ ਹੀ ਪਿੰਡ ਹਰੇ-ਭਰੇ ਬਣਨ ਦੇ ਨਾਲ-ਨਾਲ ਪਿੰਡਾਂ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਹੋਇਆ ਹੈ।
ਉਨ੍ਹਾਂ ਨਾਲ ਹੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਪਿੰਡਾਂ 'ਚ ਬੇਅਬਾਦ ਪਈਆਂ ਜ਼ਮੀਨਾਂ ‘ਤੇ ਪਾਰਕ ਅਤੇ ਖੇਡ ਮੈਦਾਨ ਬਣਾਉਣ ਲਈ ਨਿਸ਼ਾਨ ਦੇਹੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ। ਇਸ ਸਰਕਾਰ ਦੇ ਪਿਛਲੇ ਦੋ ਸਾਲਾ ਦੇ ਦੌਰਾਨ ਹੁਣ ਤੱਕ ਵਿੱਤੀ ਸਾਲ 2018-19 ਅਤੇ 2019-20 ਦੌਰਾਨ ਕੁੱਲ 913 ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅਤੇ ਇਕੱਲੇ ਵਿੱਤੀ ਸਾਲ 2019-20 ਦੌਰਾਨ ਹੀ 921 ਖੇਡ ਮੈਦਾਨ ਬਣਾਏ ਗਏ ਹਨ।
ਪੇਂਡੂ ਵਿਕਾਸ ਮਹਿਕਮੇ ਦੀ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਪਿੰਡਾਂ 'ਚ ਖੇਡ ਮੈਦਾਨ ਅਤੇ ਪਾਰਕਾਂ ਦੇ ਨਿਰਮਾਣ 'ਚ ਮਗਨਰੇਗਾ ਸਕੀਮ ਦੇ ਅਧੀਨ ਲੱਖਾਂ ਲੋੜਵੰਦ ਲੋਕਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡਾਂ ਦੀ ਦਿੱਖ ਬਦਲਣ ਲਈ ਨਿਰਧਾਰਤ ਟੀਚੇ ਕੋਰੋਨਾ ਮਹਾਮਾਰੀ ਦੇ ਬਵਜੂਦ ਸਮੇਂ ਸਿਰ ਪੂਰੇ ਕੀਤੇ ਜਾਣਗੇ। ਇਸ ਦੇ ਨਾਲ ਉਨ੍ਹਾਂ ਪਿਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਬੇਅਬਾਦ ਜ਼ਮੀਨਾਂ ‘ਤੇ ਪੰਚਇਤਾਂ ਖੇਡ ਮੈਦਾਨ ਜਾਂ ਪਾਰਕ ਬਣਵਉਣਾ ਚਾਹੁੰਦੀਆਂ ਹਨ, ਉਹ ਵੀ ਪੇਂਡੂ ਵਿਕਾਸ ਮਹਿਕਮੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।