ਪੰਜਾਬ ''ਚ ਰਹਿੰਦੇ ਹਰ ਵਿਅਕਤੀ ਦੀ ਮਦਦ ਕੀਤੀ ਜਾਵੇਗੀ : ਤ੍ਰਿਪਤ ਬਾਜਵਾ
Tuesday, Mar 31, 2020 - 04:52 PM (IST)
ਗੁਰਦਸਪੁਰ (ਚਾਵਲਾ) : ਕੋਰੋਨਾ ਵਾਇਰਸ ਦੇ ਖਤਰੇ 'ਤੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ 'ਚ ਲਾਕਡਾਊਨ ਦੇ ਹੁਕਮ ਦਿੱਤੇ ਗਏ ਹਨ ਅਤੇ ਇਸ ਦੇ ਚੱਲਦਿਆਂ ਪੰਜਾਬ 'ਚ ਵੀ ਕਰਫਿਊ ਦਾ ਸਮਾਂ ਅੱਗੇ ਵਧਾਇਆ ਗਿਆ ਹੈ ਅਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਨੂੰ ਸੀਲ ਕੀਤਾ ਗਿਆ ਹੈ। ਬਾਜਵਾ ਨੇ ਪੰਜਾਬ 'ਚ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਕਿਤੇ ਨਾ ਜਾਣ ਕਿਉਂਕਿ ਦੂਜੇ ਸੂਬੇ ਵੀ ਸੀਲ ਹਨ ਅਤੇ ਪੰਜਾਬ ਸਰਕਾਰ ਪੰਜਾਬ 'ਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵੇਗੀ ਅਤੇ ਉਨ੍ਹਾਂ ਨੂੰ ਹਰ ਮਦਦ ਦਿੱਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਸੂਬੇ ਦਾ ਹੋਵੇ।
ਇਸ ਮੌਕੇ ਬਟਾਲਾ 'ਚ ਕੁੱਝ ਲੋਕਾਂ ਵੱਲੋਂ ਬਾਜਵਾ ਨੂੰ ਨਕਦ ਰਾਸ਼ੀ ਦਿੱਤੀ ਗਈ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ, ਜਿਸ 'ਤੇ ਬਾਜਵਾ ਨੇ ਜਿੱਥੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਉਥੇ ਹੀ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਮੰਤਰੀ ਬਾਜਵਾ ਨੇ ਇਹ ਵੀ ਕਿਹਾ ਕਿ ਜੋ ਪੰਜਾਬ ਵਿੱਚ ਵਿਦੇਸ਼ਾਂ 'ਚੋਂ ਲੋਕ ਆਏ ਹਨ, ਉਹ ਆਪਣੇ ਘਰਾਂ 'ਚ ਹੀ ਰਹਿਣ ਅਤੇ ਜੇਕਰ ਉਹ ਬੀਮਾਰ ਹੁੰਦੇ ਹਨ ਤਾਂ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨ ਅਤੇ ਪਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਰਾਜਾਂ ਵਿੱਚ ਜਾਣ ਦੇ ਮਾਮਲੇ ਵਿੱਚ ਮੰਤਰੀ ਪੰਜਾਬ ਨੇ ਕਿਹਾ ਕਿ ਸਾਰੇ ਰਾਜਾਂ ਨੇ ਆਪਣੇ ਆਪ ਨੂੰ ਸੀਲ ਕਰ ਲਿਆ ਹੈ, ਇਸ ਲਈ ਉਹ ਲੋਕ ਵਾਪਸ ਨਾ ਜਾਣ। ਉਨ੍ਹਾਂ ਨੇ ਕਿਹਾ ਦੀ ਪੰਜਾਬ ਸਰਕਾਰ ਹਰ ਕਿਸੇ ਦੀ ਮਦਦ ਕਰੇਗੀ, ਭਾਵੇਂ ਉਹ ਕਿਸੇ ਵੀ ਸੂਬੇ ਦਾ ਹੋਵੇ।