ਸਿੱਧੂ ਦੇ ਪੱਖ ''ਚ ਆਏ ਬਾਜਵਾ ਦਾ ਬਿਆਨ, ''''ਭਾਰਤ ਨੇ ਚੂੜੀਆਂ ਨਹੀਂ ਪਾਈਆਂ''''
Wednesday, Feb 20, 2019 - 02:52 PM (IST)
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੇ ਪੱਖ 'ਚ ਆ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਹੈ ਅਤੇ ਇਹ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਦੇਖਣਾ ਹੈ ਕਿ ਪਾਕਿਸਤਾਨ ਨਾਲ ਕਿਵੇਂ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਬਾਦਲ ਵੀ ਗਈ ਸੀ ਤਾਂ ਉਸ ਨੂੰ ਕੋਈ ਗਲਤ ਕਿਉਂ ਨਹੀਂ ਕਹਿ ਰਿਹਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ, ਇਸ ਲਈ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਭਾਲ ਜਵਾਬ ਦੇਵੇ। ਬਾਜਵਾ ਨੇ ਕਿਹਾ ਕਿ ਡੋਭਾਲ ਦਾ ਬੇਟਾ ਪਾਕਿਸਤਾਨ ਦਾ ਪਾਰਟਨਰ ਹੈ ਤਾਂ ਫਿਰ ਉਹ ਦੇਸ਼ ਧ੍ਰੋਹੀ ਕਿਉਂ ਨਹੀਂ ਹੈ। ਬਾਜਵਾ ਨੇ ਕਿਹਾ ਕਿ ਹਿੰਦੋਸਤਾਨ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਅਤੇ ਪਾਕਿਸਤਾਨ ਨੂੰ ਭਾਰਤ ਮੂੰਹ ਤੋੜ ਕੇ ਜਵਾਬ ਦੇਵੇਗਾ, ਜਿਸ ਦੇ ਲਈ ਭਾਰਤੀ ਫੌਜ ਪੂਰੀ ਤਰ੍ਹਾਂ ਅਲਰਟ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪੁਲਵਾਮਾ ਹਮਲਾ ਕੇਂਦਰ ਸਰਕਾਰ ਦੀ ਫੇਲੀਅਰ ਦਾ ਨਤੀਜਾ ਹੈ ਕਿਉਂਕਿ ਸੋਚਣ ਵਾਲੀ ਗੱਲ ਹੈ ਕਿ ਇੰਨੇ ਕਿੱਲੋ ਦਾ ਬਾਰੂਦ ਆਖੀਰ ਆ ਕਿੱਥੋਂ ਗਿਆ।