ਲੁਧਿਆਣਾ ਵਿਚ ਫੂਡ ਸੇਫਟੀ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ, 35 ਕਿੱਲੋ ਪਨੀਰ ਨਸ਼ਟ

Tuesday, Sep 15, 2026 - 06:54 PM (IST)

ਲੁਧਿਆਣਾ ਵਿਚ ਫੂਡ ਸੇਫਟੀ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ, 35 ਕਿੱਲੋ ਪਨੀਰ ਨਸ਼ਟ

ਲੁਧਿਆਣਾ (ਡੇਵਿਨ): ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ  ਹਿਮਾਂਸ਼ੂ ਜੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਸਬਜ਼ੀ ਮੰਡੀਆਂ, ਕਨਫੈਕਸ਼ਨਰੀ ਯੂਨਿਟਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਜਾਂਚ ਕਰਨ ਦੇ ਨਾਲ Food Safety on Wheels ਰਾਹੀਂ ਵੀ ਖੁਰਾਕ ਪਦਾਰਥਾਂ ਦੀ ਮੁੱਢਲੀ ਜਾਂਚ ਅਤੇ ਲੋਕਾਂ ਨੂੰ ਖੁਰਾਕ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਗਿਆ।

ਚੈਕਿੰਗ ਦੌਰਾਨ ਸਬਜ਼ੀ ਮੰਡੀ ਵਿਚ ਪਪੀਤੇ ਦਾ ਇਕ ਸੈਂਪਲ, ਹੀਰੋ ਬੇਕਰੀ ਚੌਂਕ ਅਤੇ ਅਬਦੁੱਲਾ ਬਸਤੀ ਵਿਖੇ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਤਿਆਰਸ਼ੁਦਾ ਚਿਕਨ ਅਤੇ ਪੈਟੀਜ਼ ਦੇ ਸੈਂਪਲ ਅਤੇ ਬਹਾਦਰਕੇ ਰੋਡ ਸਬਜ਼ੀ ਮੰਡੀ ਤੋਂ ਪਨੀਰ ਦੇ ਦੋ ਸੈਂਪਲ ਲੈ ਕੇ ਅਧਿਕਾਰਤ ਫੂਡ ਟੈਸਟਿੰਗ ਲੈਬਾਰਟਰੀ ਨੂੰ ਜਾਂਚ ਲਈ ਭੇਜੇ ਗਏ। ਬਹਾਦਰਕੇ ਰੋਡ ਮੰਡੀ ਵਿੱਚ ਚੈਕਿੰਗ ਦੌਰਾਨ ਲਗਭਗ 35 ਕਿਲੋਗ੍ਰਾਮ ਪਨੀਰ ਮਿਆਰਾਂ ਅਨੁਸਾਰ ਨਾ ਪਾਏ ਜਾਣ ਅਤੇ ਮਨੁੱਖੀ ਖਪਤ ਲਈ ਅਣਉਚਿਤ ਹੋਣ ਦੇ ਸ਼ੱਕ ਦੇ ਆਧਾਰ 'ਤੇ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ।

ਇਸ ਮੌਕੇ ਡਾ. ਆਸ਼ਿਸ਼ ਚਾਵਲਾ, ਜ਼ਿਲ੍ਹਾ ਸਿਹਤ ਅਫ਼ਸਰ, ਲੁਧਿਆਣਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲੇ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੀ ਮੁੱਖ ਤਰਜੀਹ ਹੈ ਅਤੇ ਖੁਰਾਕ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੈਬਾਰਟਰੀ ਰਿਪੋਰਟਾਂ ਦੇ ਆਧਾਰ 'ਤੇ ਜੇਕਰ ਕੋਈ ਸੈਂਪਲ ਨਿਰਧਾਰਤ ਮਾਪਦੰਡਾਂ ''ਤੇ ਖਰਾ ਨਹੀਂ ਉਤਰਦਾ ਤਾਂ ਸਬੰਧਤ ਫੂਡ ਬਿਜ਼ਨਸ ਆਪਰੇਟਰ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਲਾਗੂ ਨਿਯਮਾਂ ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਫਾਈ-ਸੁਥਰਾਈ, ਸਹੀ ਸਟੋਰੇਜ ਅਤੇ FSSAI ਮਾਪਦੰਡਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਰਫ਼ ਸਾਫ਼-ਸੁਥਰੀਆਂ ਅਤੇ ਭਰੋਸੇਯੋਗ ਦੁਕਾਨਾਂ ਤੋਂ ਖੁਰਾਕੀ ਵਸਤੂਆਂ ਖਰੀਦਣ। ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕੱਟੇ ਹੋਏ, ਗਲੇ-ਸੜੇ ਜਾਂ ਬਾਸੀ ਫਲਾਂ ਅਤੇ ਸਬਜ਼ੀਆਂ ਦੀ ਖਰੀਦ ਤੇ ਵਰਤੋਂ ਤੋਂ ਪਰਹੇਜ਼ ਕਰਨ ਦੀ ਵੀ ਸਲਾਹ ਦਿੱਤੀ ਗਈ।

ਫੂਡ ਸੇਫਟੀ ਟੀਮ ਵੱਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਉਪਲਬਧ ਕਰਵਾਉਣ ਲਈ ਵੱਖ-ਵੱਖ ਇਲਾਕਿਆਂ ਵਿਚ ਚੈਕਿੰਗ ਮੁਹਿੰਮਾਂ ਅਤੇ Food Safety on Wheels ਰਾਹੀਂ ਜਾਗਰੂਕਤਾ ਤੇ ਜਾਂਚ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।


author

Anmol Tagra

Content Editor

Related News