ਮੋਹਾਲੀ : ਨਗਰ ਨਿਗਮ ਦੀ ਲਾਪਰਵਾਹੀ, ਹਜ਼ਾਰਾਂ ਦਰੱਖਤ ਤੋੜਨ ਲੱਗੇ ਦਮ

01/11/2020 3:44:38 PM

ਚੰਡੀਗੜ੍ਹ (ਰਮੇਸ਼) : ਮੋਹਾਲੀ 'ਚ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਹਜ਼ਾਰਾਂ ਦਰੱਖਤ ਦਮ ਤੋੜਨ ਲੱਗੇ ਹਨ, ਜਿਨ੍ਹਾਂ ਨੂੰ ਪਾਰਕਿੰਗ ਅਤੇ ਫੁਟਪਾਥਾਂ ਦੇ ਨਾਲ-ਨਾਲ ਘਰਾਂ ਦੇ ਬਾਹਰ ਲਾਏ ਪੇਵਰ ਬਲਾਕਸ ਦੇ ਕਾਰਨ ਨਾ ਹਵਾ ਮਿਲ ਰਹੀ ਹੈ, ਨਾ ਪਾਣੀ ਅਤੇ ਨਾ ਹੀ ਵਧ ਪਾ ਰਹੇ ਹਨ। 'ਸੇਵ ਮਾਈ ਟਰੀ' ਨਾਂ ਦੀ ਸੰਸਥਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਉਕਤ ਦੋਸ਼ ਲਾਏ ਹਨ। ਸੰਸਥਾ ਨੇ ਸੁੱਕ ਰਹੇ ਹਜ਼ਾਰਾਂ ਦਰੱਖਤਾਂ ਨੂੰ ਬਚਾਉਣ ਦੀ ਗੁਹਾਰ ਲਾਈ ਹੈ। ਪਟੀਸ਼ਨ 'ਚ ਦੱਸਿਆ ਗਿਆ ਹੈ ਕਿ ਮੋਹਾਲੀ 'ਚ ਡਿਵਾਈਡਰਸ, ਫੁਟਪਾਥਾਂ, ਘਰਾਂ ਅੱਗੇ, ਮਾਰਕਿਟਾਂ ਅਤੇ ਪਾਰਕਿੰਗ ਏਰੀਆ 'ਚ ਨਗਰ ਨਿਗਮ ਅਤੇ ਗਮਾਡਾ ਵਲੋਂ ਬਿਊਟੀਫਿਕੇਸ਼ਨ ਦੇ ਨਾਂ 'ਤੇ ਪੇਵਰ ਬਲਾਕ ਲਾ ਦਿੱਤੇ ਹਨ, ਜਿਨ੍ਹਾਂ ਦੇ ਹੇਠਾਂ ਕੰਕਰੀਟ ਦਾ ਇਸਤੇਮਾਲ ਕੀਤਾ ਗਿਆ ਹੈ।

ਇਸ ਕਾਰਨ ਦਰੱਖਤਾਂ ਨੂੰ ਹਵਾ, ਪਾਣੀ ਨਹੀਂ ਮਿਲ ਰਿਹਾ। ਕਈ ਦਰੱਖਤ ਸੁੱਕ ਰਹੇ ਹਨ, ਕਈ ਮੁਰਝਾ ਗਏ ਹਨ, ਜਿਨ੍ਹਾਂ ਦਾ ਵਿਕਾਸ ਵੀ ਰੁਕ ਗਿਆ ਹੈ। ਪਟੀਸ਼ਨ 'ਚ ਚੰਡੀਗੜ੍ਹ ਦੀ ਮਿਸਾਲ ਦਿੱਤੀ ਗਈ ਹੈ, ਜਿੱਥੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਦਰੱਖਤਾਂ ਦੇ ਆਸ-ਪਾਸ ਦੇ 2 ਮੀਟਰ ਦੇ ਦਾਇਰੇ ਤੋਂ ਪੇਵਰ ਬਲਾਕਸ ਹਟਾਏ ਜਾ ਚੁੱਕੇ ਹਨ। ਹਾਈਕੋਰਟ ਨੇ ਸੰਸਥਾ ਦੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੋਹਾਲੀ ਨਗਰ ਨਿਗਮ, ਗਮਾਡਾ ਅਤੇ ਪੁੱਡਾ ਨੂੰ ਨੋਟਿਸ ਜਾਰੀ ਕਰਕੇ 3 ਮਈ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ।


Babita

Content Editor

Related News