‘ਆਈ ਹਰਿਆਲੀ ਐਪ’ ਰਾਹੀਂ ਬੂਟੇ ਲੈਣ ’ਚ ਸੰਗਰੂਰ ਵਾਸੀ ਮੋਹਰੀ

Wednesday, Jun 27, 2018 - 08:03 AM (IST)

‘ਆਈ ਹਰਿਆਲੀ ਐਪ’ ਰਾਹੀਂ  ਬੂਟੇ ਲੈਣ ’ਚ ਸੰਗਰੂਰ ਵਾਸੀ ਮੋਹਰੀ

 ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) – ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ‘ਤੰਦਰੁਸਤ ਪੰਜਾਬ’  ਮਿਸ਼ਨ  ਤਹਿਤ ਆਰੰਭੀ ਘਰ-ਘਰ ਹਰਿਆਲੀ ਮੁਹਿੰਮ ਨੂੰ ਜ਼ਿਲਾ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ  ਅਤੇ  ਜ਼ਿਲੇ ’ਚ ਹੁਣ ਤੱਕ 20 ਹਜ਼ਾਰ ਤੋਂ ਵੱਧ ਬੂਟੇ ਮੋਬਾਇਲਾਂ ’ਚ ‘ਆਈ ਹਰਿਆਲੀ ਐਪਲੀਕੇਸ਼ਨ’ ਡਾਊਨਲੋਡ ਕਰ ਕੇ ਰਜਿਸਟਰਡ ਕਰਵਾਏ ਜਾ ਚੁੱਕੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ-7 ਦੇ ਆਲੇ-ਦੁਆਲੇ ਬੂਟੇ ਲਾਉਣ ਦੀ ਵਿਆਪਕ ਮੁਹਿੰਮ ਦਾ ਆਗਾਜ਼ ਕਰਦਿਆਂ ਕੀਤਾ।  ਥੋਰੀ ਨੇ ਦੱਸਿਆ ਕਿ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ‘ਆਈ ਹਰਿਆਲੀ ਐਪ’ ਨੂੰ ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ’ਚੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਰਕਾਰ ਵੱਲੋਂ ਵਣਾਂ ਹੇਠਲੇ ਰਕਬੇ ਨੂੰ ਵਧਾਉਣ ਦੇ ਉਦੇਸ਼ ਨਾਲ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। ਜ਼ਿਲੇ ਦੀਆਂ ਸਰਕਾਰੀ ਨਰਸਰੀਆਂ ’ਚ ਮੌਜੂਦਾ ਸਮੇਂ ’ਚ 2.5 ਲੱਖ ਵੱਖ-ਵੱਖ ਕਿਸਮਾਂ ਦੇ ਬੂਟੇ ਤਿਆਰ ਪਏ ਹਨ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਵਰਖਾ ਰੁੱਤ ਦਾ ਵੱਧ ਤੋਂ ਵੱਧ ਫਾਇਦਾ ਉਠਾਉਂਦੇ ਹੋਏ ਸਹੀ ਸਮੇਂ ਉੱਤੇ ਬੂਟੇ ਲਾਉਣ ਅਤੇ ਬੂਟਿਆਂ ਦੀ ਸਹੀ ਸਾਂਭ-ਸੰਭਾਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ-7 ਦੇ ਆਲੇ-ਦੁਆਲੇ 46 ਹਜ਼ਾਰ ਬੂਟੇ ਲਾਉਣ ਦੀ ਮੁਹਿੰਮ ਦਾ ਅੱਜ ਤੋਂ ਆਗਾਜ਼ ਕਰ ਦਿੱਤਾ ਗਿਆ ਹੈ ਅਤੇ ਜ਼ਿਲੇ ਨੂੰ ਆਉਣ ਵਾਲੇ ਸਾਰੇ ਰਸਤਿਆਂ ਦੇ 5-5 ਕਿਲੋਮੀਟਰ ਦੇ ਦਾਇਰੇ ’ਚ ਵੀ ਬੂਟੇ ਲਾਏ ਜਾਣਗੇ।


Related News