''ਈ-ਕਾਰਡਾਂ'' ਰਾਹੀਂ ਨਿੱਜੀ ਹਸਪਤਾਲ ''ਚ ਇਲਾਜ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ, ਜਾਰੀ ਹੋਏ ਇਹ ਹੁਕਮ
Thursday, Jun 17, 2021 - 09:48 AM (IST)
ਚੰਡੀਗੜ੍ਹ (ਰਮਨਜੀਤ) : ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀ ਜਦੋਂ ਹਸਪਤਾਲ ਵਿੱਚ ਦਾਖ਼ਲ ਹੋਣ ਤਾਂ ਉਨ੍ਹਾਂ ਨੂੰ ਈ-ਕਾਰਡ ਨਾ ਚੱਲਣ (ਬਲਾਕ ਹੋਣ) ਦੇ ਮਾਮਲੇ ਵਿਚ ਵੀ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਲਾਭਪਾਤਰੀ ਦੇ ਈ-ਕਾਰਡ ਵਿਚ ਕੋਈ ਤਰੁੱਟੀ ਹੋਣ ਦੀ ਸੂਰਤ ਵਿਚ ਲਾਭਪਾਤਰੀ ਮਰੀਜ਼ ਦੇ ਇਲਾਜ ਤੋਂ ਬਾਅਦ ਹੀ ਇਸ ਨੂੰ ਦਰੁੱਸਤ ਕੀਤਾ ਜਾਵੇ ਕਿਉਂਕਿ ਈ-ਕਾਰਡ ਸਿਰਫ ਬੀਮਾ ਕੰਪਨੀ ਵਲੋਂ ਪ੍ਰਵਾਨਿਤ ਕੀਤੇ ਜਾਂਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਬੀਮਾ ਕੰਪਨੀ ਨੂੰ ਕਿਹਾ ਗਿਆ ਹੈ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਇਲਾਜ ਸੇਵਾਵਾਂ ਬਿਨਾਂ ਦੇਰੀ ਤੋਂ ਮੁਹੱਈਆ ਹੋਣ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਅਧਿਕਾਰਿਤ ਨਿੱਜੀ ਹਸਪਤਾਲਾਂ ਵਿੱਚ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ ਕੋਵਿਡ-19 ਦਾ ਮੁਫ਼ਤ ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਲਈ ਨਿੱਜੀ ਹਸਪਤਾਲਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਕ ਮੀਟਿੰਗ ਦੌਰਾਨ ਬੀਮਾ ਕੰਪਨੀ ਨੂੰ ਹਸਪਤਾਲਾਂ ਦੇ ਬਕਾਇਆ ਕਲੇਮ ਦੀ ਰਕਮ ਦਾ ਤੁਰੰਤ ਭੁਗਤਾਨ ਕਰਨ ਦੀ ਹਦਾਇਤ ਵੀ ਕੀਤੀ ਗਈ। ਬੈਂਕ ਕੋਡ, ਆਈ.ਐਫ.ਐੱਸ.ਸੀ. / ਆਦਿ ਕਾਰਨ ਪੈਦਾ ਹੋਏ ਕਿਸੇ ਵੀ ਤਕਨੀਕੀ ਮਸਲੇ ਨੂੰ ਨੈਸ਼ਨਲ ਹੈਲਥ ਅਥਾਰਟੀ ਦੀ ਮਦਦ ਨਾਲ ਨਿਰਧਾਰਿਤ ਸਮੇਂ ਵਿੱਚ ਠੀਕ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ SIT ਖ਼ੁਦ ਜਾ ਕੇ 'ਵੱਡੇ ਬਾਦਲ' ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼
ਮੰਤਰੀ ਸਿੱਧੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਗੰਭੀਰ ਮਰੀਜ਼ਾਂ ਦੇ ਇਲਾਜ ਕਰਨ ਵਾਲੇ ਡਾਕਟਰ ਵੱਲੋਂ ਲਏ ਗਏ ਫ਼ੈਸਲੇ ਵਿੱਚ ਬੀਮਾ ਕੰਪਨੀ ਵੱਲੋਂ ਕੋਈ ਦਖ਼ਲ-ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਬੀਮਾ ਕੰਪਨੀ ਨੂੰ ਹਦਾਇਤ ਕੀਤੀ ਗਈ ਹੈ ਕਿ ਇਲਾਜ ਦੇ ਮਾਮਲਿਆਂ ਦੀ ਸਹੀ ਤੇ ਸੁਚੱਜੀ ਜਾਂਚ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ। ਪੰਜਾਬ ਸਰਕਾਰ ਵੱਲੋਂ ਸਕੀਮ ਦੀ ਬਿਹਤਰ ਕਾਰਗੁਜ਼ਾਰੀ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ ਤਾਂ ਜੋ ਕੋਈ ਲਾਭਪਾਤਰੀ ਮਰੀਜ਼ ਸਕੀਮ ਅਧੀਨ ਇਲਾਜ ਤੋਂ ਵਾਂਝਾ ਨਾ ਰਹੇ। ਸਟੇਟ ਹੈਲਥ ਏਜੰਸੀ ਦੇ ਸੀ. ਈ. ਓ. ਕੁਮਾਰ ਰਾਹੁਲ ਨੇ ਮੀਟਿੰਗ ਵਿੱਚ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ 776.41 ਕਰੋੜ ਰੁਪਏ ਦੇ ਖਖ਼ਰਚ ਨਾਲ 7.03 ਲੱਖ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਰਵਨੀਤ ਬਿੱਟੂ' ਨੂੰ SC ਕਮਿਸ਼ਨ ਵੱਲੋਂ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸੂਬੇ ਦੀ ਇਕ ਮੁੱਖ ਸਕੀਮ ਹੈ, ਜੋ ਰਾਜ ਦੀ ਆਬਾਦੀ ਦੇ ਸਭ ਤੋਂ ਕਮਜ਼ੋਰ ਅਤੇ ਪੱਛੜੇ ਵਰਗਾਂ ਲਈ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ। ਇਹ ਸੂਬਾ ਸਰਕਾਰ ਵਲੋਂ ਵਿੱਤੀ ਸਹਾਇਤਾ ਪ੍ਰਾਪਤ ਸਭ ਤੋਂ ਵੱਡੀ ਯੋਜਨਾਵਾਂ ਵਿੱਚੋਂ ਇੱਕ ਹੈ, ਜਿਸ ਤਹਿਤ ਤਕਰੀਬਨ 39.57 ਲੱਖ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਦੂਜੇ ਪੱਧਰ ਅਤੇ ਮਲਟੀਸਪੈਸ਼ਿਲਟੀ ਹਸਪਤਾਲਾਂ ਵਿੱਚ ਮਿਲ ਰਹੀਆਂ ਸਰਜਰੀ ਅਤੇ ਆਪ੍ਰੇਸ਼ਨ ਵਾਲੀਆਂ ਤੀਜੇ ਪੱਧਰ ਦੀਆਂ ਸਹੂਲਤਾਂ ਸ਼ਾਮਲ ਹਨ। ਮੀਟਿੰਗ ਵਿੱਚ ਸਟੇਟ ਸਿਹਤ ਏਜੰਸੀ ਦੇ ਏ. ਸੀ. ਈ. ਓ. ਡਾ. ਸ਼ਵੇਤਾ ਮਹਿੰਦਰੂ, ਜੁਆਇੰਟ ਸੀਈਓ ਅਮਨਇੰਦਰ ਕੌਰ, ਬੀਮਾ ਕੰਪਨੀ ਦੇ ਨੁਮਾਇੰਦੇ ਡਾ. ਕਿਸ਼ੋਰ ਪਾਲੀਵਾਲ ਅਤੇ ਉਨਾਂ ਦੀ ਟੀਮ ਦੇ ਮੈਂਬਰਾਂ ਅਤੇ ਐਸ.ਐਚ.ਏ ਦੇ ਹੋਰ ਅਧਿਕਾਰੀ ਸ਼ਾਮਲ ਹੋਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ