ਕੋਰੋਨਾ ਵਾਇਰਸ ਤੋਂ ਬਚਾਅ ਲਈ ਅਟਾਰੀ ਬਾਰਡਰ ''ਤੇ ਮੁਸਾਫਰਾਂ ਦੀ ਸਕਰੀਨਿੰਗ ਸ਼ੁਰੂ

Wednesday, Mar 04, 2020 - 05:34 PM (IST)

ਅੰਮ੍ਰਿਤਸਰ (ਨੀਰਜ) : ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕਰਦੇ ਹੋਏ ਆਈ. ਸੀ. ਪੀ. ਅਟਾਰੀ ਬਾਰਡਰ ਅਤੇ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਦੀ ਯੂਨੀਵਰਸਲ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ। ਇਸ ਅਧੀਨ ਚਾਹੇ ਕਿਸੇ ਵੀ ਦੇਸ਼ ਦਾ ਯਾਤਰੀ ਭਾਰਤ 'ਚ ਆਉਂਦਾ ਹੈ ਤਾਂ ਉਸ ਦੀ ਥਰਮਲ ਸਕਰੀਨਿੰਗ ਕੀਤੀ ਜਾਣੀ ਜ਼ਰੂਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ 12 ਦੇਸ਼ਾਂ ਦੀ ਲਿਸਟ ਜਿਸ 'ਚ ਕੋਰੋਨਾ ਵਾਇਰਸ ਫੈਲਿਆ ਹੋਇਆ ਸੀ, ਉਨ੍ਹਾਂ ਦੇ ਮੁਸਾਫਰਾਂ ਦੀ ਹੀ ਸਕਰੀਨਿੰਗ ਕਰਨ ਦੇ ਨਿਰਦੇਸ਼ ਸਨ ਪਰ ਮੰਗਲਵਾਰ ਤੋਂ ਸਾਰੇ ਮੁਸਾਫਰਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਆਈ. ਸੀ. ਪੀ. ਅਟਾਰੀ ਦੀ ਗੱਲ ਕਰੀਏ ਤਾਂ ਇੱਥੇ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਅਤੇ ਹੋਰ ਦੇਸ਼ਾਂ ਤੋਂ ਯਾਤਰੀ ਆਉਂਦੇ ਰਹਿੰਦੇ ਹਨ। ਕਈ ਵਾਰ ਇਨ੍ਹਾਂ ਦੇਸ਼ਾਂ ਦੇ ਯਾਤਰੀ ਇਰਾਨ ਅਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕਿਆਂ ਦੀ ਪੈਦਲ ਯਾਤਰਾ ਕਰ ਚੁੱਕੇ ਹੁੰਦੇ ਹਨ ਪਰ ਭਾਰਤ 'ਚ ਜਦੋਂ ਆਉਂਦੇ ਹਨ ਤਾਂ ਇਸ ਦੀ ਜਾਣਕਾਰੀ ਨਹੀਂ ਦਿੰਦੇ ਹਨ। ਆਈ. ਸੀ. ਪੀ. 'ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਨੂੰ ਅਫਗਾਨੀ ਡਰਾਈਵਰ ਵੀ ਚਲਾਉਂਦੇ ਹਨ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਸਾਰੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਥਰਮਲ ਸਕਰੀਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਮੰਗਲਵਾਰ ਨੂੰ ਅਟਾਰੀ ਬਾਰਡਰ 'ਤੇ ਕੁਲ 200 ਮੁਸਾਫਰਾਂ ਦੀ ਥਰਮਲ ਸਕਰੀਨਿੰਗ ਕੀਤੀ ਗਈ ਹੈ। ਹਾਲਾਂਕਿ ਅਟਾਰੀ 'ਤੇ ਥਰਮਲ ਸਕੈਨਰ ਨਹੀਂ ਲੱਗਾ ਹੈ ਪਰ ਇੱਥੇ ਸਕਰੀਨਿੰਗ ਕਰਨ ਵਾਲੇ ਅਧਿਕਾਰੀਆਂ ਕੋਲ ਥਰਮਲ ਗੰਨ ਹਨ, ਜੋ ਥਰਮਲ ਸਕੈਨਰ ਵਰਗਾ ਹੀ ਕੰਮ ਕਰਦੀਆਂ ਹਨ।

ਦੱਸਣਯੋਗ ਹੈ ਕਿ ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ 28 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। 12 ਭਾਰਤੀਆਂ 'ਚੋਂ 3 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਬਾਕੀ ਦੇ 9 ਮਰੀਜ਼ਾਂ ਨੂੰ ਦਿੱਲੀ, ਤੇਲੰਗਾਨਾ ਅਤੇ ਜੈਪੁਰ 'ਚ 1-1 ਮਰੀਜ਼ ਸ਼ਾਮਲ ਹੈ। ਉੱਥੇ ਹੀ ਆਗਰਾ 'ਚ ਇਕ ਹੀ ਪਰਿਵਾਰ ਦੇ 6 ਮਰੀਜ਼ ਮਿਲੇ ਹਨ, ਜਿਨ੍ਹਾਂ ਦਾ ਦਿੱਲੀ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਏਅਰਪੋਰਟ 'ਤੇ ਵਿਦੇਸ਼ਾਂ ਤੋਂ ਆਏ ਖਾਸ ਤੌਰ 'ਤੇ ਇਟਲੀ ਅਤੇ ਚੀਨ ਤੋਂ ਆਏ ਲੋਕਾਂ ਦੀ ਖਾਸ ਸਕਰੀਨਿੰਗ ਕੀਤੀ ਜਾ ਰਹੀ ਹੈ। ਸਾਵਧਾਨੀ ਵਰਤਦੇ ਹੋਏ ਨੋਇਡਾ ਦੇ ਦੋ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੱਖਣੀ ਦਿੱਲੀ ਅਤੇ ਗੁੜਗਾਓਂ ਦੇ ਵੀ ਦੋ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ 'ਚ 3.5 ਲੱਖ ਮਾਸਕਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਕਰੀਬ 77 ਦੇਸ਼ ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)     


Anuradha

Content Editor

Related News