ਟਰੈਵਲ ਏਜੰਟ ਤੋਂ ਤੰਗ ਆ ਕੇ ਕੀਤੀ ਆਤਮਹੱਤਿਆ, ਖ਼ੁਦਕੁਸ਼ੀ ਨੋਟ ’ਚ ਹੋਇਆ ਖੁਲਾਸਾ

Tuesday, Mar 22, 2022 - 06:01 PM (IST)

ਟਰੈਵਲ ਏਜੰਟ ਤੋਂ ਤੰਗ ਆ ਕੇ ਕੀਤੀ ਆਤਮਹੱਤਿਆ, ਖ਼ੁਦਕੁਸ਼ੀ ਨੋਟ ’ਚ ਹੋਇਆ ਖੁਲਾਸਾ

ਮੋਗਾ (ਅਜ਼ਾਦ) : ਮੋਗਾ ਨਿਵਾਸੀ ਜੋਗਿੰਦਰਪਾਲ ਸਿੰਘ ਵੱਲੋਂ ਟਰੈਵਲ ਏਜੰਟ ਅਤੇ ਉਸਦੇ ਸਾਥੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਧਰਮਕੋਟ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਸੰਤੋਸ਼ ਰਾਣੀ ਨਿਵਾਸੀ ਮੋਗਾ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਕ੍ਰਿਸ਼ ਰੈਡੀ ਨਿਵਾਸੀ ਮਾਨਵ ਨਗਰ ਹਦਿਆਬਾਦ ਫਗਵਾੜਾ ਅਤੇ ਸੁਖਵਿੰਦਰ ਸਿੰਘ ਉਰਫ਼ ਬਾਬਾ ਨਿਵਾਸੀ ਜਲੰਧਰ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਬਲਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜੋਗਿੰਦਰਪਾਲ ਸਿੰਘ ਦੀ ਲਾਸ਼ 10 ਮਾਰਚ ਮੋਗਾ-ਜਲੰਧਰ ਰੋਡ ’ਤੇ ਸਥਿਤ ਸੜਕ ’ਤੇ ਪਈ ਮਿਲੀ ਸੀ।

ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਖ਼ੁਦਕੁਸ਼ੀ ਨੋਟ ਵਿਚ ਉਸਨੇ ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਕ੍ਰਿਸ ਰੈੱਡੀ ਅਤੇ ਉਸਦੇ ਸਾਥੀ ਸੁਖਵਿੰਦਰ ਸਿੰਘ ਨੇ ਉਸ ਦੀ ਬੇਟੀ ਅਤੇ ਬੇਟੇ ਨੂੰ ਵਿਦੇਸ਼ ਵਿਚ ਪੱਕਾ ਕਰਵਾਉਣ ਦੇ ਨਾਮ ’ਤੇ 45-46 ਲੱਖ ਰੁਪਏ ਹੜੱਪੇ ਸਨ, ਜਿਸ ’ਤੇ ਮੈਂ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਅਤੇ ਪੁਲਸ ਨੂੰ ਵੀ ਸੂਚਿਤ ਕੀਤਾ ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਆਖਿਰ ਮੈਂ ਇਨ੍ਹਾਂ ਤੋਂ ਤੰਗ ਆ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਪਿੰਡ ਜਲਾਲਾਬਾਦ ਗਿਆ ਸੀ ਅਤੇ ਉਥੋਂ ਉਹ ਇਹ ਕਹਿ ਕੇ ਗਿਆ ਕਿ ਉਹ ਕਿਸੇ ਦਰਗਾਹ ’ਤੇ ਮੱਥਾ ਟੇਕਣ ਲਈ ਜਾ ਰਿਹਾ ਹੈ ਪਰ ਉਸਦੀ ਲਾਸ਼ ਨਹਿਰ ਦੀ ਪੱਟੜੀ ’ਤੇ ਪਈ ਮਿਲੀ। ਪੁਲਸ ਵੱਲੋਂ ਉਕਤ ਮਾਮਲੇ ਵਿਚ ਜਾਂਚ ਤੋਂ ਬਾਅਦ ਅਤੇ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਖ਼ੁਦਕੁਸ਼ੀ ਨੋਟ ਨੂੰ ਜਾਂਚ ਲਈ ਐਕਸਪਰਟ ਦੇ ਕੋਲ ਭੇਜਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News