CM ਮਾਨ ਕੱਢ ਲਿਆਏ ਟਰਾਂਸਪੋਰਟ ਵਿਭਾਗ ਦੇ ਅੰਕੜੇ, ਖੁੱਲ੍ਹੀ ਬਹਿਸ 'ਚ ਪਿਛਲੀਆਂ ਸਰਕਾਰਾਂ ਦੀ ਖੋਲ੍ਹੀ ਪੋਲ
Wednesday, Nov 01, 2023 - 01:52 PM (IST)
ਲੁਧਿਆਣਾ (ਰਮਨਦੀਪ ਸੋਢੀ) : ਮੁੱਖ ਮੰਤਰੀ ਮਾਨ ਵੱਲੋਂ ਅੱਜ ਸੱਦੀ ਗਈ ਮਹਾ-ਡਿਬੇਟ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਟਰਾਂਸਪੋਰਟ ਵਿਭਾਗ 'ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀ ਸਰਕਾਰ ਸਮੇਂ 3 ਨਵੰਬਰ 2018 ਤੋਂ ਦਿੱਲੀ ਹਵਾਈ ਅੱਡੇ ਨੂੰ ਜਾਣ ਵਾਲੀ ਸਰਕਾਰੀ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ ਤੇ ਇਨ੍ਹਾਂ ਬੱਸਾਂ ਦੀ ਜਗ੍ਹਾ 'ਤੇ ਪ੍ਰਾਈਵੇਟ ਇੰਡੋ-ਕੈਨੇਡੀਅਨ ਬੱਸਾਂ ਨੂੰ ਚਲਾਇਆ ਗਿਆ। ਇਨ੍ਹਾਂ ਪ੍ਰਾਈਵੇਟ ਬੱਸਾਂ 'ਚ ਸਫ਼ਰ ਕਰਨ ਲਈ ਯਾਤਰੀਆਂ ਨੂੰ 2700-4500 ਰੁਪਏ ਤੱਕ ਕਿਰਾਇਆ ਦੇਣਾ ਪੈਂਦਾ ਸੀ। ਪਰ ਸਾਡੀ ਸਰਕਾਰ ਨੇ 15 ਜੂਨ 2022 ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ 19 ਵੋਲਵੋ ਸਰਕਾਰੀ ਬੱਸਾਂ ਮੁੜ ਸ਼ੁਰੂ ਕੀਤੀਆਂ, ਜਿਨ੍ਹਾਂ ਦਾ ਕਿਰਾਇਆ ਸਿਰਫ਼ 1160 ਰੁਪਏ ਹੈ। ਇਸ ਸਬੰਧੀ ਭਗਵੰਤ ਮਾਨ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਬੱਸਾਂ ਦੇ ਰੂਟ ਪਲਾਨ ਬਾਰੇ ਬੋਲਦੇ ਹੋਏ ਦੱਸਿਆ ਕਿ ਨਿਯਮਾਂ ਅਨੁਸਾਰ ਬੱਸਾਂ ਦਾ ਰੂਟ ਇਕ ਵਾਰੀ 'ਚ 31 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਵਧਾਇਆ ਜਾ ਸਕਦਾ। ਪਰ, ਪੁਰਾਣੀਆਂ ਸਰਕਾਰਾਂ ਨੇ ਆਪਣੀਆਂ ਪ੍ਰਾਈਵੇਟ ਬੱਸਾਂ ਦੇ ਰੂਟ, ਬੱਸਾਂ ਦੇ ਨੰਬਰ ਬਦਲ-ਬਦਲ ਕੇ ਅਬੋਹਰ ਤੋਂ ਚੰਡੀਗੜ੍ਹ ਤੱਕ ਵਧਾ ਲਏ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਬੱਸਾਂ ਦਾ ਕੋਈ ਵੀ ਰੂਟ ਪਿੰਡਾਂ ਵੱਲ ਨਹੀਂ ਜਾਂਦਾ। ਇਹ ਪਠਾਨਕੋਟ ਤੋਂ ਗੰਗਾਨਗਰ, ਅਬੋਹਰ ਤੋਂ ਚੰਡੀਗੜ੍ਹ ਵਰਗੇ ਲੰਬੇ ਰੂਟਾਂ 'ਤੇ ਹੀ ਚੱਲਦੀਆਂ ਹਨ। ਇਨ੍ਹਾਂ ਨਿਯਮਾਂ ਸਬੰਧੀ ਵੀ ਇਕ ਪੋਸਟਰ ਮੁੱਖ ਮੰਤਰੀ ਵੱਲੋਂ ਜਾਰੀ ਕੀਤਾ ਗਿਆ ਤੇ ਇਨ੍ਹਾਂ ਬੱਸਾਂ 'ਤੇ ਕੀਤੀ ਗਈ ਕਾਰਵਾਈ ਬਾਰੇ ਵੀ ਵੇਰਵਾ ਦਿੱਤਾ ਗਿਆ।
ਨਿਯਮਾਂ ਮੁਤਾਬਕ ਚੰਡੀਗੜ੍ਹ 'ਚ ਪ੍ਰਾਈਵੇਟ ਬੱਸਾਂ ਨੂੰ ਐਂਟਰੀ ਨਹੀਂ ਮਿਲ ਸਕਦੀ, ਪਰ ਪਿਛਲੀਆਂ ਸਰਕਾਰਾਂ ਸਮੇਂ ਇਨ੍ਹਾਂ ਬੱਸਾਂ ਦੇ ਮਾਲਕਾਂ ਨੇ ਕਿਸੇ ਤਰ੍ਹਾਂ ਪਰਮਿਟ ਲੈ ਲਈ ਸੀ। ਇਸ ਸਬੰਧੀ ਅਦਾਲਤ 'ਚ ਮੁਕੱਦਮਾ ਵੀ ਚੱਲਿਆ ਸੀ, ਜਿਸ ਨੂੰ ਅਦਾਲਤ 'ਚ ਕੇਸ ਜਿੱਤ ਕੇ ਆਰਬਿਟ, ਡੱਬਵਾਲੀ, ਰਾਜਧਾਨੀ, ਕਰਤਾਰ, ਜੁਝਾਰ ਵਰਗੀਆਂ 96 ਬੱਸਾਂ ਦੇ ਰੂਟ ਰੱਦ ਕੀਤੇ ਗਏ, ਨਾਲ ਹੀ ਗ਼ਲਤ ਤਰੀਕੇ ਨਾਲ ਆਪਣਾ ਰੂਟ ਐਕਸਟੈਂਡ ਕਰਨ ਵਾਲੀਆਂ 42 ਬੱਸਾਂ ਦੇ ਵੀ ਰੂਟ ਰੱਦ ਕੀਤੇ ਗਏ ਸਨ। ਇਸ ਸਬੰਧੀ ਮਾਨ ਵੱਲੋਂ ਇਕ ਪੋਸਟਰ ਸਾਂਝਾ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8