ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ

Monday, Jun 26, 2023 - 06:13 PM (IST)

ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਗਠਿਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸਰਕਾਰੀ ਖ਼ਜ਼ਾਨੇ ਅਤੇ ਸਵਾਰੀਆਂ ਨੂੰ ਚੂਨਾ ਲਾਉਣ ਵਾਲੇ ਤਿੰਨ ਕੰਡਕਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਚੋਂ ਇੱਕ ਕੰਡਕਟਰ ਨੇ ਸਵਾਰੀਆਂ ਨੂੰ ਕਰੀਬ 1200 ਰੁਪਏ ਦਾ ਚੂਨਾ ਲਾਇਆ ਸੀ ਜਦਕਿ ਇੱਕ ਹੋਰ ਕੰਡਕਟਰ ਨੂੰ ਦੋ ਦਿਨਾਂ ’ਚ ਹੀ ਗ਼ਬਨ ਦੇ ਦੋ ਕੇਸਾਂ ’ਚ ਰਿਪੋਰਟ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਖੰਨਾ ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ. ਬੀ-02-ਈ. ਜੀ. 4728 ਦੀ ਚੈਕਿੰਗ ਕੀਤੀ ਗਈ ਤਾਂ ਕੰਡਕਟਰ ਜਸਕਰਨ ਸਿੰਘ ਨੂੰ ਸਵਾਰੀਆਂ ਤੋਂ 1170 ਰੁਪੲੈ ਲੈ ਕੇ ਟਿਕਟ ਨਾ ਦੇਣ ਦਾ ਦੋਸ਼ੀ ਪਾਇਆ ਗਿਆ। ਇਹ ਬੱਸ ਦਿੱਲੀ ਤੋਂ ਤਰਨ ਤਾਰਨ ਜਾ ਰਹੀ ਸੀ। ਇਸੇ ਤਰ੍ਹਾਂ ਹੇਡੋਂ ਵਿਖੇ ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10-ਐੱਚ.ਟੀ. 2834 ਦੀ ਚੈਕਿੰਗ ਦੌਰਾਨ ਕੰਡਕਟਰ ਸੰਜੇ ਕੁਮਾਰ ਕੋਲੋਂ 615 ਰੁਪਏ ਬਰਾਮਦ ਹੋਏ ਹਨ, ਜੋ ਉਸ ਨੇ ਸਵਾਰੀਆਂ ਕੋਲੋਂ ਲਏ ਸਨ ਪਰ ਬਦਲੇ ’ਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਪਹਿਲੇ ਦਿਨ ਕੰਡਕਟਰ ਸੰਜੇ ਕੁਮਾਰ ਨੇ ਤਿੰਨ ਬੱਸਾਂ ਦੀ ਅੱਡਾ ਫ਼ੀਸ ਨਾ ਲੈ ਕੇ ਵਿਭਾਗ ਨੂੰ 283 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਸੀ ਜਿਸ ਕਾਰਨ ਉਸ ਨੂੰ ਬਦਲ ਕੇ ਬੱਸ 'ਤੇ ਤੈਨਾਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ

ਕੈਬਨਿਟ ਮੰਤਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ’ਚ ਚੈਕਿੰਗ ਦੀ ਲੜੀ ਅਧੀਨ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬਨੀਖੇਤ ਕਸਬੇ ਵਿਖੇ ਚੈਕਿੰਗ ਕੀਤੀ ਗਈ, ਜਿੱਥੋਂ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 0964 ਦੇ ਕੰਡਕਟਰ ਮਨਜੀਤ ਸਿੰਘ ਨੂੰ ਸਵਾਰੀਆਂ ਤੋਂ 490 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਣਅਧਿਕਾਰਤ ਰੂਟਾਂ 'ਤੇ ਚਲਦੀਆਂ ਦੋ ਬੱਸਾਂ ਨੂੰ ਵੀ ਰਿਪੋਰਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਬਾਈਪਾਸ 'ਤੇ ਚੈਕਿੰਗ ਦੌਰਾਨ ਜਲੰਧਰ-1 ਡਿਪੂ ਦੀ ਬੱਸ ਨੰਬਰ ਪੀ.ਬੀ-08-ਈ.ਐਕਸ 0976 ਅਤੇ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਨੰਬਰ ਪੀ.ਬੀ-07-ਬੀ.ਕਿਊ 5442 ਨੂੰ ਅਣਅਧਿਕਾਰਤ ਰੂਟ 'ਤੇ ਚਲਦਾ ਪਾਇਆ ਗਿਆ। ਅਣਅਧਿਕਾਰਤ ਰੂਟ 'ਤੇ ਚੱਲਣ ਕਰਕੇ ਦੋਵੇਂ ਬੱਸਾਂ ਕ੍ਰਮਵਾਰ ਮਹਿਜ਼ 9 ਅਤੇ 6 ਸਵਾਰੀਆਂ ਲੈ ਕੇ ਜਾ ਰਹੀਆਂ ਸਨ। ਟਰਾਂਸਪੋਰਟ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : 2000 ਦਾ ਨੋਟ ਲੋਕਾਂ ਲਈ ਬਣਿਆ ਮੁਸੀਬਤ, ਪੈਟਰੋਲ ਪੰਪ ’ਤੇ ਲਿਖੀ ਸੂਚਨਾ ਬਣੀ ਚਰਚਾ ਦਾ ਵਿਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


author

Anuradha

Content Editor

Related News