ਡੇਰਾ ਬਾਬਾ ਨਾਨਕ ''ਚ ਪੁਲਸ ''ਤੇ ਫਾਇਰਿੰਗ, 2 ਨੌਜਵਾਨਾਂ ਨੂੰ ਕੀਤਾ ਕਾਬੂ

Wednesday, Oct 28, 2026 - 05:02 PM (IST)

ਡੇਰਾ ਬਾਬਾ ਨਾਨਕ ''ਚ ਪੁਲਸ ''ਤੇ ਫਾਇਰਿੰਗ, 2 ਨੌਜਵਾਨਾਂ ਨੂੰ ਕੀਤਾ ਕਾਬੂ

ਬਟਾਲਾ/ਡੇਰਾ ਬਾਬਾ ਨਾਨਕ/ਕਲਾਨੌਰ (ਬੇਰੀ, ਮਨਮੋਹਨ) : ਕਸਬਾ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ’ਚ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ, ਜਦ ਅਣਪਛਾਤੇ ਤਿੰਨ ਨੌਜਵਾਨਾਂ ਵਲੋਂ ਪੁਲਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਪੁਲਸ ਪਾਰਟੀ ਵਲੋਂ ਜਵਾਬੀ ਕਾਰਵਾਈ ਕਰਦੇ ਹੋਏ ਉਕਤ ਨੌਜਵਾਨਾਂ ’ਤੇ ਫਾਇਰਿੰਗ ਕੀਤੀ ਗਈ ਅਤੇ 2 ਨੌਜਵਾਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ, ਜਦੋਂ ਕਿ ਇਕ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਜੋਗਾ ਸਿੰਘ ਨੇ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ ਅਸ਼ੋਕ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਇਕ ਮੋਟਰਸਾਈਕਲ ’ਤੇ ਸਵਾਰ 3 ਅਣਪਛਾਤੇ ਨੌਜਵਾਨ ਸ਼ੱਕੀ ਹਾਲਾਤ ’ਚ ਸ਼ਹਿਰ ’ਚ ਘੁੰਮ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲਸ ਪਾਰਟੀ ਵਲੋਂ ਉਕਤ ਨੌਜਵਾਨਾਂ ਦਾ ਪਿੱਛਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਪੁਲਸ ਤੋਂ ਬਚਦੇ ਹੋਏ ਦਾਣਾ ਮੰਡੀ ਡੇਰਾ ਬਾਬਾ ਨਾਨਕ ’ਚ ਆ ਗਏ, ਜਿੱਥੇ ਉਨ੍ਹਾਂ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਵਾਬੀ ਕਾਰਵਾਈ ਕਰਦੇ ਹੋਏ ਨੌਜਵਾਨਾਂ ’ਤੇ ਫਾਇਰ ਕੀਤੇ ਗਏ ਅਤੇ ਇਸ ਦੌਰਾਨ ਪੁਲਸ ਨੇ ਲੋਕਾਂ ਦੀ ਮਦਦ ਨਾਲ 2 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਇਕ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਵਲੋਂ ਫ਼ਰਾਰ ਹੋਏ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸਨੂੰ ਜਲਦ ਹੀ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਫੜ੍ਹੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤੋਂ ਜੋ ਵੀ ਖ਼ੁਲਾਸੇ ਹੋਣਗੇ, ਉਸਦੀ ਸਾਰੀ ਜਾਣਕਾਰੀ ਜਲਦ ਹੀ ਮੀਡੀਆ ਸਾਹਮਣੇ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਚ. ਓ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਵੀ ਮੌਜੂਦ ਸਨ।
 


author

Babita

Content Editor

Related News