ਜਲੰਧਰ: ਐਕਸ਼ਨ ’ਚ ਟਰਾਂਸਪੋਰਟ ਮਹਿਕਮਾ, ਬਾਦਲਾਂ ਦੀ ਬੱਸ ਸਣੇ 7 ਦੇ ਕੱਟੇ ਚਲਾਨ, 3 ਬੱਸਾਂ ਜ਼ਬਤ

Saturday, Oct 09, 2021 - 10:52 AM (IST)

ਜਲੰਧਰ: ਐਕਸ਼ਨ ’ਚ ਟਰਾਂਸਪੋਰਟ ਮਹਿਕਮਾ, ਬਾਦਲਾਂ ਦੀ ਬੱਸ ਸਣੇ 7 ਦੇ ਕੱਟੇ ਚਲਾਨ, 3 ਬੱਸਾਂ ਜ਼ਬਤ

ਜਲੰਧਰ (ਪੁਨੀਤ)– ਨਵੇਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਸਾਫ਼ ਤੌਰ ’ਤੇ ਕਹਿ ਦਿੱਤਾ ਗਿਆ ਹੈ ਕਿ ਜਿਹੜੀਆਂ ਬੱਸਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੀਆਂ, ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਹਿਤ ਬੀਤੇ ਦਿਨ ਟਰਾਂਸਪੋਰਟ ਮਹਿਕਮਾ ਐਕਸ਼ਨ ਵਿਚ ਨਜ਼ਰ ਆਇਆ ਅਤੇ ਬਾਦਲਾਂ ਨਾਲ ਸਬੰਧਤ ਬੱਸ ਸਣੇ 7 ਨਾਮੀ ਟਰਾਂਸਪੋਰਟਰਾਂ ਦੀਆਂ ਬੱਸਾਂ ਦੇ ਚਲਾਨ ਕੱਟ ਦਿੱਤੇ ਅਤੇ 3 ਬੱਸਾਂ ਨੂੰ ਜ਼ਬਤ ਕਰ ਲਿਆ।

ਨਵੇਂ ਸੈਕਟਰੀ ਆਰ. ਟੀ. ਏ. ਅਮਿਤ ਮਹਾਜਨ ਦੀ ਅਗਵਾਈ ਵਿਚ ਪੰਜਾਬ ਰੋਡਵੇਜ਼ ਦੇ ਜੀ. ਐੱਮ. ਪਰਮਵੀਰ ਸਿੰਘ ਵੱਲੋਂ ਭੇਜੀ ਗਈ ਟੀਮ ਰਾਮਾ ਮੰਡੀ ਨੇੜੇ ਪਹੁੰਚੀ ਅਤੇ ਫਗਵਾੜਾ ਤੋਂ ਜਲੰਧਰ ਵਾਲੀ ਸਾਈਡ ਨਾਕਾਬੰਦੀ ਕਰਕੇ ਸਾਰੀਆਂ ਬੱਸਾਂ ਨੂੰ ਰੋਕ ਕੇ ਉਨ੍ਹਾਂ ਦੇ ਕਾਗਜ਼ਾਤ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਵੀ ਬੱਸ ਨੂੰ ਬਿਨਾਂ ਕਾਗਜ਼ਾਤ ਵਿਖਾਏ ਜਾਣ ਨਹੀਂ ਦਿੱਤਾ ਗਿਆ। ਲੰਮੇ ਅਰਸੇ ਬਾਅਦ ਸ਼ੁੱਕਰਵਾਰ ਇਸ ਤਰ੍ਹਾਂ ਦਾ ਐਕਸ਼ਨ ਵੇਖਣ ਨੂੰ ਮਿਲਿਆ। ਕਾਗਜ਼ਾਤ ਪੂਰੇ ਨਾ ਹੋਣ ਕਾਰਨ ਕਈ ਬੱਸਾਂ ਦੇ ਚਾਲਕ ਦਲਾਂ ਵੱਲੋਂ ਆਪਣੇ ਮਾਲਕਾਂ ਨਾਲ ਅਧਿਕਾਰੀਆਂ ਦੀ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਯਤਨ ਅਸਫ਼ਲ ਸਾਬਤ ਹੋਏ ਕਿਉਂਕਿ ਸੈਕਟਰੀ ਆਰ. ਟੀ. ਏ. ਨਾਲ ਗਏ ਕਿਸੇ ਵੀ ਸਟਾਫ਼ ਮੈਂਬਰ ਨੇ ਬੱਸ ਚਾਲਕਾਂ ਦਾ ਫੋਨ ਫੜਨ ਅਤੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ

PunjabKesari

ਕਾਰਵਾਈ ਦੀ ਸ਼ੁਰੂਆਤ ਵਿਚ ਨਿਊ ਸਤਲੁਜ ਕੰਪਨੀ ਦੀ ਬੱਸ ਦੇ ਕਾਗਜ਼ਾਤ ਪੂਰੇ ਨਾ ਹੋਣ ’ਤੇ ਉਸ ਨੂੰ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ 2 ਹੋਰ ਜਿਹੜੀਆਂ ਬੱਸਾਂ ਜ਼ਬਤ ਕੀਤੀਆਂ ਗਈਆਂ, ਉਨ੍ਹਾਂ ਵਿਚ ਪ੍ਰਿੰਸ ਬੱਸ (ਹੁਸ਼ਿਆਰਪੁਰ ਨੰਬਰ) ਅਤੇ ਗਗਨਦੀਪ ਬੱਸ ਸਰਵਿਸ ਦੀ (ਜਲੰਧਰ ਨੰਬਰ) ਬੱਸ ਸ਼ਾਮਲ ਹੈ। ਉਕਤ ਸਾਰੀਆਂ ਬੱਸਾਂ ਜ਼ਬਤ ਕਰਕੇ ਪਰਾਗਪੁਰ ਪੁਲਸ ਚੌਂਕੀ ਵਿਚ ਖੜ੍ਹੀਆਂ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਗਜ਼ਾਤ ਵਿਖਾਉਣ ਲਈ ਬੱਸਾਂ ਦੇ ਚਾਲਕ ਦਲਾਂ ਨੂੰ ਕਿਹਾ ਗਿਆ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ। ਬਾਦਲਾਂ ਨਾਲ ਸਬੰਧਤ ਜਿਸ ਬੱਸ ਦਾ ਚਲਾਨ ਹੋਇਆ ਹੈ, ਉਹ ਰਾਜਧਾਨੀ ਬੱਸ ਦੇ ਨਾਂ ਵਾਲੀ ਦੱਸੀ ਜਾ ਰਹੀ ਹੈ, ਜਿਹੜੀ ਕਿ ਹੁਸ਼ਿਆਰਪੁਰ ਨੰਬਰ ਦੀ ਹੈ। ਇਸਦੇ ਕਾਗਜ਼ਾਤ ਪੂਰੇ ਨਹੀਂ ਸਨ ਅਤੇ ਟੈਕਸ ਸਬੰਧੀ ਕਾਗਜ਼ਾਤ ਨਾ ਵਿਖਾਉਣ ’ਤੇ ਚਲਾਨ ਕੀਤਾ ਗਿਆ ਹੈ। ਵਧੇਰੇ ਚਲਾਨ ਟੈਕਸ ਅਦਾ ਨਾ ਹੋਣ ਕਾਰਨ ਹੋਏ ਹਨ। ਦੂਜੇ ਪਾਸੇ ਪਟਿਆਲਾ ਬੱਸ ਸਰਵਿਸ ਨਾਲ ਸਬੰਧਤ ਬੱਸ ਦਾ ਚਲਾਨ ਲਾਇਸੈਂਸ ਨਾ ਹੋਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ

ਲੁਧਿਆਣਾ ਵਾਂਗ ਟੂਰਿਸਟ ਬੱਸਾਂ ’ਤੇ ਵੀ ਲਟਕ ਰਹੀ ਤਲਵਾਰ
ਸੂਤਰ ਦੱਸਦੇ ਹਨ ਕਿ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਟੂਰਿਸਟ ਬੱਸਾਂ ’ਤੇ ਵੀ ਵੱਡੀ ਕਾਰਵਾਈ ਕਰਨ ਦਾ ਖਾਕਾ ਤਿਆਰ ਕੀਤਾ ਗਿਆ ਹੈ। ਪਿਛਲੇ ਸਮੇਂ ਦੌਰਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਵਿਚ ਵੱਡੇ ਪੱਧਰ ’ਤੇ ਐਕਸ਼ਨ ਕੀਤਾ ਗਿਆ ਸੀ ਅਤੇ ਇਸ ਦੌਰਾਨ ਟੂਰਿਸਟ ਬੱਸਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ ਸਨ। ਟਰਾਂਸਪੋਰਟ ਮੰਤਰੀ ਦੇ ਇਸ ਐਕਸ਼ਨ ਦੇ ਬਾਅਦ ਟੂਰਿਸਟ ਬੱਸਾਂ ਦੀ ਕਮੀ ਦੇਖਣ ਨੂੰ ਮਿਲੀ ਹੈ। ਪੰਜਾਬ ਰੋਡਵੇਜ਼ ਵੱਲੋਂ ਟੂਰਿਸਟ ਬੱਸਾਂ ਦੇ ਚੱਲਣ ਵਾਲੇ ਸਥਾਨਾਂ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਜਿਸ ਤਹਿਤ ਆਉਣ ਵਾਲੇ ਦਿਨਾਂ ਵਿਚ ਰਾਤ ਸਮੇਂ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ: ਸਰਕਾਰ ਤੋਂ ਦੁਖ਼ੀ ਠੇਕਾ ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ, ਹੁਣ ਪਾਉਣਗੇ ਸਰਕਾਰ ਨੂੰ ਵਖ਼ਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News