ਟਰਾਂਸਫਾਰਮਰ ਦਾ ਰੋਜ਼ਾਨਾ ਫਿਊਜ਼ ਉਡਣ ਨਾਲ ਖਿਜ਼ਰਾਬਾਦ ਵਾਸੀ ਪ੍ਰੇਸ਼ਾਨ
Thursday, Jul 19, 2018 - 06:05 AM (IST)
ਮਾਜਰੀ, (ਪਾਬਲਾ)- ਪਿੰਡ ਖਿਜ਼ਰਾਬਾਦ ਹੇਠਲੀ ਪੱਤੀ ਵਿਖੇ ਬੱਸ ਸਟੈਂਡ ਨੇੜਲੇ ਮੁਹੱਲੇ ਵਿਚ ਰੋਜ਼ਾਨਾ ਰਾਤ ਨੂੰ ਬਿਜਲੀ ਦਾ ਫਿਊਜ਼ ਉਡਣ ਕਾਰਨ ਪੂਰੀ ਰਾਤ ਲਾਈਟ ਨਹੀਂ ਆਉਂਦੀ, ਜਿਸ ਕਾਰਨ ਮੁਹੱਲਾਂ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪਿੰਡ ਖਿਜ਼ਰਾਬਾਦ ਮੋਰਨੀ ਵਾਲਾ ਖੂਹ ਮੁਹੱਲਾ ਦੇ ਵਸਨੀਕ ਸਤਨਾਮ ਸਿੰਘ, ਹਰਚਰਨ ਸਿੰਘ, ਗੁਰਮੁੱਖ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ, ਪਾਲ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਆਦਿ ਨੇ ਕਿਹਾ ਕਿ ਖਿਜ਼ਰਾਬਾਦ ਵਿਖੇ ਬਿਜਲੀ ਗਰਿੱਡ ਲੱਗਾ ਹੋਇਆ ਹੈ ਪਰ ਗਰਿੱਡ ਲੱਗਣ ਦੇ ਬਾਵਜੂਦ ਵੀ ਪਿੰਡ ਵਿਚ ਲਗਾਤਾਰ ਬਿਜਲੀ ਸਪਲਾਈ ਨਹੀਂ ਰਹਿੰਦੀ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿਚ ਇਕੋ ਹੀ ਟਰਾਂਸਫਾਰਮਰ ਤੋਂ ਕਾਫੀ ਘਰਾਂ ਨੂੰ ਬਿਜਲੀ ਸਪਲਾਈ ਜਾਂਦੀ ਹੈ, ਜਿਸ ਕਾਰਨ ਟਰਾਂਸਫਾਰਮਰ ’ਤੇ ਲੋਡ ਜ਼ਿਆਦਾ ਹੋਣ ਕਾਰਨ ਰੋਜ਼ਾਨਾ ਫਿਊਜ਼ ਉੱਡ ਜਾਂਦਾ ਹੈ।
ਜਦੋਂ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਤਾਂ ਡਿਊਟੀ ਹੋਣ ਦੇ ਬਾਵਜੂਦ ਵੀ ਮੁਲਾਜ਼ਮ ਫਿਊਜ਼ ਲਾਉਣ ਨਹੀਂ ਆਉਂਦੇ। ਪਿੰਡ ਵਾਸੀਆਂ ਤੇ ਪਤਵੰਤਿਆਂ ਨੇ ਇਸ ਸਬੰਧੀ ਕਈ ਵਾਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਹੈ ਕਿ ਬਿਜਲੀ ਸਪਲਾਈ ਲਈ ਹੋਰ ਟਰਾਂਸਫਾਰਮਰ ਲਾਇਆ ਜਾਵੇ ਤੇ ਢਿੱਲੀਆਂ ਤਾਰਾਂ ਕੱਸੀਅਾਂ ਜਾਣ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਮੁਸ਼ਕਲ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਹੁਣ ਵੀ ਇਕ ਹਫਤੇ ਤੋਂ ਰੋਜ਼ਾਨਾ ਰਾਤ ਨੂੰ ਟਰਾਂਸਫਾਰਮਰ ਦਾ ਫਿਊਜ਼ ਉਡ ਜਾਂਦਾ ਹੈ ਤੇ ਬਿਜਲੀ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਇਸ ਨੂੰ ਠੀਕ ਨਹੀਂ ਕਰਦਾ, ਜਿਸ ਕਾਰਨ ਸਾਰੀ ਰਾਤ ਲਾਈਟ ਨਹੀਂ ਆਉਂਦੀ। ਬੀਤੀ ਰਾਤ ਜਦੋਂ ਫਿਊਜ਼ ਉਡਿਆ ਤਾ ਪਿੰਡ ਵਾਸੀਆਂ ਨੇ ਇਸ ਸਬੰਧੀ ਐੱਸ. ਡੀ. ਓ. ਮਾਜਰਾ ਨੂੰ ਵੀ ਸੂਚਿਤ ਕੀਤਾ ਪਰ ਐੱਸ. ਡੀ. ਓ. ਨੇ ਅੱਗੋਂ ਕਿਹਾ ਕਿ ਇਸ ਸਬੰਧੀ ਜੇ. ਈ. ਨਾਲ ਗੱਲ ਕਰੋ ਪਰ ਐੱਸ. ਡੀ. ਓ. ਨੇ ਜੇ. ਈ. ਨੂੰ ਫਿਊਜ਼ ਠੀਕ ਕਰਵਾਉਣ ਦੀ ਹਦਾਇਤ ਨਹੀਂ ਦਿੱਤੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਖੁਦ ਜਾ ਕੇ ਟਰਾਂਸਫਾਰਮਰ ’ਤੇ ਫਿਊਜ਼ ਲਾਉਣਾ ਪਿਆ।
ਮੁਹੱਲਾ ਵਾਸੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਲਈ ਹੋਰ ਟਰਾਂਸਫਾਰਮਰ ਲਾਇਆ ਜਾਵੇ ਤੇ ਢਿੱਲੀਆਂ ਤਾਰਾਂ ਨੂੰ ਕੱਸਿਆ ਜਾਵੇ ਤੇ ਡਿਊਟੀ ’ਚ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਐੱਸ. ਡੀ. ਓ.
ਜਦੋਂ ਇਸ ਸਬੰਧੀ ਉਪ ਮੰਡਲ ਦਫ਼ਤਰ ਮਾਜਰਾ ਦੇ ਐੱਸ. ਡੀ. ਓ. ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕ ਘਰਾਂ ਵਿਚ ਕੁੰਡੀਆਂ ਲਾਉਂਦੇ ਹਨ ਜਿਸ ਕਾਰਨ ਲੋਡ ਵਧ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਰਾਤ ਸਮੇਂ ਬਿਜਲੀ ਮੁਲਾਜ਼ਮ ’ਤੇ ਡਿਊਟੀ ’ਚ ਕੁਤਾਹੀ ਵਰਤਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਦੀ ਜਾਂਚ ਕਵਾਵਾਂਗਾ।
