ਬਠਿੰਡਾ ਤੋਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਟਰੇਨ ਰਵਾਨਾ
Sunday, May 10, 2020 - 04:03 PM (IST)
ਬਠਿੰਡਾ (ਬਾਂਸਲ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਪਿਛਲੇ ਦਿਨੀਂ ਕਿਹਾ ਗਿਆ ਸੀ ਕਿ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਕਿਰਾਇਆ ਕਾਂਗਰਸ ਪਾਰਟੀ ਦੇਵੇਗੀ, ਜਿਸ ਤੋਂ ਬਾਅਦ ਸਰਕਾਰ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬਠਿੰਡਾ 'ਚ ਐਤਵਾਰ ਨੂੰ ਸਵੇਰੇ ਬਿਹਾਰ-ਮੁਜ਼ੱਫਰਪੁਰ ਲਈ ਇਕ ਰੇਲ ਗੱਡੀ ਰਵਾਨਾ ਕੀਤੀ ਗਈ, ਜਿਸ 'ਚ ਕਰੀਬ 1388 ਪਰਵਾਸੀ ਮਜ਼ਦੂਰ ਆਪਣਾ ਸਫਰ ਤੈਅ ਕਰਨ ਲਈ ਬੈਠੇ। ਇਸ ਦੇ ਚੱਲਦਿਆਂ ਬਠਿੰਡਾਂ ਤੋਂ ਹੀ ਅੱਜ ਸ਼ਾਮ ਨੂੰ ਦੂਜੀ ਟਰੇਨ ਵੀ ਝਾਰਖੰਡ ਲਈ ਰਵਾਨਾ ਹੋਵੇਗੀ, ਜਿਸ 'ਚ 1188 ਦੇ ਕਰੀਬ ਮਜ਼ਦੂਰ ਆਪਣਾ ਸਫਰ ਤੈਅ ਕਰਨਗੇ।
ਕਾਂਗਰਸੀ ਵਿਧਾਇਕ ਮੁਤਾਬਕ 600 ਰੁਪਏ ਪ੍ਰਤੀ ਮਜ਼ਦੂਰ ਦਾ ਕਿਰਾਇਆ ਹੈ ਅਤੇ ਇਸ ਦੇ ਨਾਲ ਹੀ ਰੇਲ ਗੱਡੀ 'ਚ ਖਾਣ-ਪੀਣ ਦਾ ਪ੍ਰਬੰਧ ਵੀ ਕਾਂਗਰਸ ਵਲੋਂ ਕੀਤਾ ਜਾ ਰਿਹਾ ਹੈ। ਇਕ ਰੇਲ ਗੱਡੀ ਦਾ ਖਰਚ 7 ਲੱਖ ਦੇ ਕਰੀਬ ਹੈ। ਪੰਜਾਬ ਸਰਕਾਰ ਵਲੋਂ ਇਸ ਕੰਮ ਲਈ ਸੂਬੇ 'ਚ 34 ਕਰੋੜ ਰੁਪਏ ਰਿਲੀਜ਼ ਕੀਤੇ ਗਏ ਹਨ ਪਰ ਇਸ ਦੌਰਾਨ ਪਰਵਾਸੀ ਮਜ਼ਦੂਰਾਂ ਵਲੋਂ ਪੁਲਸ ਦੀ ਮੌਜੂਦਗੀ 'ਚ ਲਗਾਤਾਰ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਦੋਂ ਪ੍ਰਸ਼ਾਸਨ ਵਲੋਂ ਸਫਰ ਲਈ ਮਜ਼ਦੂਰਾਂ ਨੂੰ ਖਾਣ-ਪੀਣ ਦਾ ਸਮਾਨ ਅਤੇ ਰੋਟੀਆਂ ਵੰਡੀਆਂ ਗਈਆਂ ਤਾਂ ਮਜ਼ਦੂਰਾਂ ਵਲੋਂ ਉਨ੍ਹਾਂ ਦਾ ਅਪਮਾਨ ਕਰਦੇ ਹੋਏ ਸਾਰਾ ਖਾਣਾ ਰੇਲ ਪਟੜੀਆਂ 'ਤੇ ਸੁੱਟ ਦਿੱਤਾ ਗਿਆ, ਜਿਸ ਦੀ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਨਿੰਦਾ ਕੀਤੀ ਗਈ ਹੈ। ਦੂਜੇ ਪਾਸੇ ਕਈ ਮਜ਼ਦੂਰਾਂ ਨੇ ਇਸ ਕੰਮ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਘਰ ਭੇਜਿਆ ਜਾ ਰਿਹਾ ਹੈ ਅਤੇ ਖਾਣ-ਪੀਣ ਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ।