ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਨਾਂਦੇੜ ਤੋਂ 5 ਸਿੱਖ ਤੀਰਥ ਅਸਥਾਨਾਂ ਲਈ ਪਹਿਲੀ ਵਿਸ਼ੇਸ਼ ਟਰੇਨ ਨੂੰ ਦਿਖਾਈ ਹਰੀ ਝੰਡੀ
Monday, Aug 26, 2024 - 05:01 AM (IST)
ਲੁਧਿਆਣਾ/ਬਟਾਲਾ (ਗੁਪਤਾ, ਮਠਾਰੂ)- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਾਂਦੇੜ ਸਾਹਿਬ ਰੇਲਵੇ ਸਟੇਸ਼ਨ ਤੋਂ ਸਿੱਖ ਧਰਮ ਦੇ 5 ਤੀਰਥ ਅਸਥਾਨਾਂ ਤੱਕ ਆਪਣੀ ਤਰ੍ਹਾਂ ਦੀ ਪਹਿਲੀ 5 ਤਖ਼ਤ ਵਿਸ਼ੇਸ਼ ਤੀਰਥ ਯਾਤਰਾ ਟਰੇਨ ਨੂੰ ਹਰੀ ਝੰਡੀ ਦਿਖਾਈ। ਪੰਜ ਤਖ਼ਤ ਸਾਹਿਬਾਨਾਂ ਲਈ ਵਿਸ਼ੇਸ਼ ਟਰੇਨ ਦਾ ਆਯੋਜਨ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟਰੱਸਟ, ਨਾਂਦੇੜ ਵੱਲੋਂ ਕੀਤਾ ਗਿਆ ਸੀ। ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ, ਸੰਤ ਬਾਬਾ ਜੋਤਿਇੰਦਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਬਾਬਾ ਰਾਮ ਸਿੰਘ ਅਤੇ ਮੁਖੀ ਪਰਿਚਾਲਨ ਪ੍ਰਬੰਧਨ ਦੱਖਣੀ ਮੱਧ ਰੇਲਵੇ ਬੀ. ਨਾਗੀਆ ਇਸ ਮੌਕੇ ਹਾਜ਼ਰ ਸਨ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਧਰਮ ਦੇ 5 ਪਵਿੱਤਰ ਤੀਰਥ ਅਸਥਾਨਾਂ ਨੂੰ ਕਵਰ ਕਰਨ ਵਾਲੀ ਪਹਿਲੀ ਵਿਸ਼ੇਸ਼ ਟਰੇਨ ਲੋਕਾਂ ਨੂੰ ਜੋੜਨ ਅਤੇ ਅਧਿਆਤਮਕ ਸੰਸਕ੍ਰਿਤੀ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਭਾਰਤੀ ਰੇਲਵੇ ਵੱਲੋਂ ਇਕ ਤੋਹਫਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਵਿਭਾਗ ਇਲਾਕੇ ਦੇ ਲੋਕਾਂ ਨੂੰ ਅਰਾਮਦਾਇਕ ਅਤੇ ਸੁਵਿਧਾਜਨਕ ਰੇਲ ਯਾਤਰਾ ਸਹੂਲਤਾਂ ਪ੍ਰਦਾਨ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮਰਾਠਵਾੜਾ ਇਲਾਕੇ ’ਚ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ 5 ਤਖ਼ਤ ਸਪੈਸ਼ਲ ਟਰੇਨ ਵਿਸ਼ੇਸ਼ ਤੀਰਥ ਯਾਤਰੀ ਟਰੇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਟਰੇਨ ਦੇ ਪਹਿਲੇ ਕੋਚ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੋਣਗੇ। ਪੂਰੀ ਯਾਤਰਾ ਦੌਰਾਨ ਪੈਂਟਰੀ ਕਾਰ ’ਚ ਸ਼ਰਧਾਲੂਆਂ ਲਈ ਲੰਗਰ ਦੀ ਸੁਵਿਧਾ ਉਪਲਬਧ ਹੈ। ਹਰ ਕੋਚ ’ਚ ਸਪੀਕਰ ਲੱਗੇ ਹਨ, ਜਿਸ ’ਚ ਸ਼ਰਧਾਲੂ ਕੀਰਤਨ ਸੁਣ ਸੁਕਣਗੇ।
ਇਹ ਟਰੇਨ ਪਟਨਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ, ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਕੇਂਦਰਾਂ ਨੂੰ ਕਵਰ ਕਰੇਗੀ। ਇਹ ਵਿਸ਼ੇਸ਼ ਟਰੇਨ 25 ਅਗਸਤ ਨੂੰ ਯਾਤਰਾ ਸ਼ੁਰੂ ਕਰੇਗੀ ਅਤੇ 6 ਸਤੰਬਰ 2024 ਨੂੰ ਨਾਂਦੇੜ ਪਹੁੰਚ ਕੇ ਯਾਤਰਾ ਪੂਰੀ ਕਰੇਗੀ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e