ਰਾਮਾ ਮੰਡੀ ਚੌਕ ਨੇੜੇ ਸੜਕ ਹਾਦਸੇ 'ਚ ASI ਦੀ ਦਰਦਨਾਕ ਮੌਤ
Saturday, Jul 24, 2021 - 11:47 PM (IST)
ਜਲੰਧਰ (ਮਹੇਸ਼)- ਪੰਜਾਬ ਪੁਲਸ ਦੇ ਇਕ 50 ਸਾਲਾ ਏ. ਐੱਸ.ਆਈ. ਦੀ ਸ਼ਨੀਵਾਰ ਦੇਰ ਰਾਤ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਮਾ ਮੰਡੀ ਚੌਕ ਨੇੜੇ ਦਕੋਹਾ ਰੇਲਵੇ ਫਾਟਕ ਅਤੇ ਬੜਿੰਗ ਗੇਟ ਵਿਚਕਾਰ ਇਕ ਸੜਕ ਹਾਦਸੇ 'ਚ ਏ. ਐੱਸ. ਆਈ. ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਾਮਾ ਮੰਡੀ-ਫਗਵਾੜਾ ਸੜਕ 'ਤੇ ਕੁਝ ਸਮੇਂ ਲਈ ਜਾਮ ਵੀ ਲੱਗਾ ਰਿਹਾ । ਮ੍ਰਿਤਕ ਦੇ ਸ਼ਨਾਖਤੀ ਕਾਰਡ ਤੋਂ ਉਸ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਨਿਊ ਬੇਅੰਤ ਨਗਰ (ਲੱਧੇਵਾਲੀ) ਥਾਣਾ ਰਾਮਾ ਮੰਡੀ, ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
ਜਾਂਚ 'ਚ ਸਾਹਮਣੇ ਆਇਆ ਕਿ ਮ੍ਰਿਤਕ ਏ. ਐੱਸ.ਆਈ. ਗੁਰਵਿੰਦਰ ਸਿੰਘ ਕਮਿਸ਼ਨਰੇਟ ਪੁਲਸ ਲੁਧਿਆਣਾ 'ਚ ਤਾਇਨਾਤ ਸੀ। ਮੌਕੇ 'ਤੇ ਪੁੱਜੇ ਥਾਣਾ ਜਲੰਧਰ ਕੈਂਟ ਦੇ ਇੰਚਾਰਜ ਇੰਸਪੈਕਟਰ ਅਜੈਬ ਸਿੰਘ ਔਜਲਾ ਨੇ ਦੱਸਿਆ ਕਿ ਏ. ਐੱਸ.ਆਈ. ਗੁਰਵਿੰਦਰ ਸਿੰਘ ਦੀ ਲਾਸ਼ ਸੜਕ 'ਤੇ ਪਈ ਹੋਈ ਸੀ ਅਤੇ ਉਨ੍ਹਾਂ ਦਾ ਸਿਰ ਪੂਰੀ ਤਰ੍ਹਾਂ ਫੱਟ ਗਿਆ ਸੀ। ਪੁਲਸ ਮੁਤਾਬਕ ਮ੍ਰਿਤਕ ਗੁਰਵਿੰਦਰ ਬੱਸ 'ਚ ਸੀ ਅਤੇ ਉਸ ਨੇ ਰਾਮਾ ਮੰਡੀ ਚੌਕ 'ਤੇ ਉਤਰਨਾ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਬਾਰੇ ਅਜੇ ਜਾਣਕਾਰੀ ਹਾਸਲ ਨਹੀਂ ਹੋਈ ਹੈ। ਇੰਝ ਲਗਦਾ ਹੈ ਕਿ ਏ. ਐੱਸ.ਆਈ. ਬੱਸ ਦੀ ਖਿੜਕੀ ਕੋਲ ਖੜ੍ਹਾ ਸੀ ਅਤੇ ਬੱਸ ਤੋਂ ਥੱਲੇ ਡਿੱਗ ਜਾਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਸੱਚੇ ਹਿਤੈਸ਼ੀ : ਸ਼ਵੇਤ ਮਲਿਕ
ਪਤੀ ਦੀ ਮੌਤ ਦੀ ਸੂਚਨਾ ਮਿਲਣ ’ਤੇ ਬੇਸੁੱਧ ਹੋਈ ਪਤਨੀ ਪੁਲਸ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਦੇ ਸਕੀ। ਉਸ ਨੇ ਇੰਨਾ ਜ਼ਰੂਰ ਕਿਹਾ ਕਿ ਉਸ ਦਾ ਪਤੀ ਹਰ ਰੋਜ਼ ਲੁਧਿਆਣਾ ਬੱਸ ’ਚ ਜਾਂਦਾ ਸੀ ਅਤੇ ਬੱਸ ਰਾਹੀਂ ਹੀ ਵਾਪਸ ਆਉਂਦਾ ਸੀ। ਐੱਸ. ਐੱਚ. ਓ. ਔਜਲਾ ਨੇ ਕਿਹਾ ਕਿ ਪੁਲਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਾਦਸੇ ਵਾਲੀ ਜਗ੍ਹਾ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਮ੍ਰਿਤਕ ਏ. ਐੱਸ. ਆਈ. ਗੁਰਵਿੰਦਰ ਸਿੰਘ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਐਤਵਾਰ ਸਵੇਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।