ਚੰਡੀਗੜ੍ਹ ਯੂਨੀਵਰਸਿਟੀ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਲਈ 4 ਲੋਕਾਂ ਦੀ ਜਾਨ

Sunday, Nov 28, 2021 - 10:53 PM (IST)

ਚੰਡੀਗੜ੍ਹ ਯੂਨੀਵਰਸਿਟੀ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਲਈ 4 ਲੋਕਾਂ ਦੀ ਜਾਨ

ਮੋਰਿੰਡਾ (ਬਿਊਰੋ)-ਅੱਜ ਦੁਪਹਿਰ ਬਾਅਦ ਖਰੜ-ਲੁਧਿਆਣਾ ਰੋਡ ’ਤੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਹਮਣੇ ਇਕ ਖਰੜ ਸਾਈਡ ਤੋਂ ਆਉਂਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਡਿਵਾਈਡਰ ਨਾਲ ਜਾ ਟਕਰਾਈ ਤੇ ਡਿਵਾਈਡਰ ’ਤੇ ਖੜ੍ਹੇ ਵਿਅਕਤੀਆਂ ਨੂੰ ਕੁਚਲਦੀ ਹੋਈ 10-12 ਪਲਟੀਆਂ ਖਾ ਉੱਥੇ ਬਣੇ ਪੁਲ ਦੇ ਨਾਲ ਜਾ ਟਕਰਾਈ। ਇਸ ਹਾਦਸੇ ’ਚ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਨੇ ਚੰਡੀਗੜ੍ਹ ਦੇ ਹਸਪਤਾਲ ਵਿਚ ਪਹੁੰਚਦਿਆਂ ਹੀ ਦਮ ਤੋੜ ਦਿੱਤਾ ਤੇ  2 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹਾਲਤ ’ਚ ਚੰਡੀਗੜ੍ਹ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ ਦਾਖਲ ਹਨ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ ਢਾਈ ਵਜੇ ਇਕ ਲੁਧਿਆਣਾ ਨੰਬਰੀ ਕਾਲੇ ਰੰਗ ਦੀ ਕਾਰ ਤੇਜ਼ ਰਫਤਾਰ ਨਾਲ ਖਰੜ ਸਾਈਡ ਤੋਂ ਆ ਰਹੀ ਸੀ, ਜਦੋਂ ਉਕਤ ਕਾਰ ਯੂਨੀਵਰਸਿਟੀ ਦੇ ਗੇਟ ਅੱਗੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਡਿਵਾਈਡਰ ’ਤੇ ਖੜ੍ਹੇ ਬੰਦਿਆਂ ਨੂੰ ਕੁਚਲਦੀ ਹੋਈ ਡਿਵਾਈਡਰ ’ਤੇ ਲੱਗੇ ਇਕ ਬਿਜਲੀ ਦੇ ਪੋਲ ਨੂੰ ਤੋੜਦੀ ਹੋਈ 10-12 ਪਲਟੀਆਂ ਖਾਣ ਤੋਂ ਬਾਅਦ ਸੜਕ ਪਾਰ ਕਰਨ ਲਈ ਬਣੇ ਲੋਹੇ ਦੇ ਪੁਲ ’ਚ ਤਕਰੀਬਨ 10 ਫੁੱਟ ਉੱਪਰ ਜਾ ਟਕਰਾਈ। ਇਸ ਤੋਂ ਬਾਅਦ ਮੌਕੇ ਉੱਤੇ ਕਾਫੀ ਭੱਜ-ਦੌੜ ਤੇ ਸਹਿਮ ਵਾਲਾ ਮਾਹੌਲ ਬਣ ਗਿਆ।

PunjabKesari

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ ’ਚੋਂ ਦੋ ਹੈਂਡ ਗ੍ਰਨੇਡ ਮਿਲਣ ਨਾਲ ਫੈਲੀ ਦਹਿਸ਼ਤ

ਇਸ ਬਾਰੇ ਮੌਕੇ ਉੱਤੇ ਖੜ੍ਹੇ ਇਕ ਆਟੋ ਚਾਲਕ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਕਾਰ ਡਿਵਾਈਡਰ ਨਾਲ ਟਕਰਾਈ ਤਾਂ ਉਨ੍ਹਾਂ ਦੇ ਸਟੈਂਡ _ਚ ਹੀ ਆਟੋ ਚਲਾਉਂਦੇ ਸੁਰਿੰਦਰ ਸਿੰਘ ਛਿੰਦਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਘੜੂੰਆਂ ਅਤੇ ਜਮੀਲ ਖ਼ਾਨ ਉਰਫ਼ ਲਾਲੀ ਵਾਸੀ ਪਿੰਡ ਘੜੂੰਆਂ, ਜੋ ਕਿ ਚਾਹ ਪੀਣ ਲਈ ਸੜਕ ਪਾਰ ਕਰ ਕੇ ਦੂਜੀ ਸਾਈਡ ਤੋਂ ਬਾਅਦ ਵਾਪਸ ਆਪਣੇ ਆਟੋ ਰਿਕਸ਼ਾ ਕੋਲ ਆਉਣ ਲਈ ਸੜਕ ਪਾਰ ਕਰਨ ਲਈ ਡਿਵਾਈਡਰ ’ਤੇ ਖੜ੍ਹੇ ਸਨ ਕਿ ਉਨ੍ਹਾਂ ’ਚ ਇਹ ਤੇਜ਼ ਰਫਤਾਰ ਕਾਰ ਵੱਜੀ, ਜਿਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਇੰਨੀ ਤੇਜ਼ ਸੀ ਕਿ ਡਿਵਾਈਡਰ ’ਤੇ ਲੱਗੇ ਲਾਈਟਾਂ ਵਾਲੇ ਪੋਲ ਨੂੰ ਵੀ ਤੋੜਦੀ ਹੋਈ ਕਾਫੀ ਪਲਟੀਆਂ ਖਾਣ ਤੋਂ ਬਾਅਦ ਜਾ ਕੇ ਪੁਲ ’ਚ ਟਕਰਾਈ । ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਆਟੋ ਚਾਲਕ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸਿਰ ’ਤੇ ਹੀ ਗੁਜ਼ਾਰਾ ਚੱਲਦਾ ਸੀ।ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਕਾਰ ਦੇਖੀ ਤਾਂ ਕਾਰ ’ਚ ਸਵਾਰ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਾਰ ’ਚ ਵੀ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ।

ਇਹ ਵੀ ਪੜ੍ਹੋ : ਪਰਗਟ ਸਿੰਘ ਦੀ ਚੁਣੌਤੀ ਸਵੀਕਾਰ, ਮਨੀਸ਼ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਲਿਸਟ ਕੀਤੀ ਜਾਰੀ  

ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਥਾਣਾ ਘੜੂੰਆਂ ਪੁਲਸ ਦੇ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਕਾਰ ਚਾਲਕ ਸੰਜੀਤ ਕੁਮਾਰ, ਵਿਕਰਮਜੀਤ ਰਾਹੁਲ ਯਾਦਵ, ਅੰਕੁਸ਼ ਵੀ ਜ਼ਖ਼ਮੀ ਹੋਏ ਹਨ। ਇਨ੍ਹਾਂ ’ਚੋਂ ਸੰਜੀਤ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਵਿਕਰਮਜੀਤ ਜਿਨ੍ਹਾਂ ਨੂੰ ਖਰੜ ਸਿਵਲ ਹਸਪਤਾਲ ਤੋਂ ਸੈਕਟਰ 16 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਦੀ ਉਥੇ ਪਹੁੰਚਣ ’ਤੇ ਮੌਤ ਹੋ ਗਈ ਹੈ। ਪੁਲਸ ਵੱਲੋਂ ਖਬਰ ਲਿਖੇ ਜਾਣ ਤੱਕ ਮ੍ਰਿਤਕ ਸੁਰਿੰਦਰ ਸਿੰਘ, ਜਮੀਲ ਖ਼ਾਨ ਅਤੇ ਸੁੰਜੀਤ ਕੁਮਾਰ ਦੀਆਂ ਲਾਸ਼ਾਂ ਸਿਵਲ ਹਸਪਤਾਲ ਖਰੜ ਦੀ ਮੋਰਚਰੀ ’ਚ ਰਖਵਾ ਦਿੱਤੀਆਂ ਗਈਆਂ ਹਨ ਤੇ ਵਿਕਰਮਜੀਤ ਦੀ ਲਾਸ਼ ਸੈਕਟਰ 16 ਦੇ ਹਸਪਤਾਲ ਦੀ ਮੋਰਚਰੀ ’ਚ ਰਖਵਾ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਵਾਰਿਸਾਂ ਦੇ ਆਉਣ ਤੋਂ ਬਾਅਦ ਪੁਲਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਾਸ਼ਾਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ 1000 ਰੁਪਏ ਦੇਣ ਦੇ ਐਲਾਨ ਤੋਂ ਅਕਾਲੀ-ਕਾਂਗਰਸ-ਭਾਜਪਾ ਪ੍ਰੇਸ਼ਾਨ : ਕੇਜਰੀਵਾਲ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News