ਜਾਮ ਦੀ ਸਮੱਸਿਆ ਨਾਲ ਜੂਝ ਰਹੇ ਲੁਧਿਆਣਾ ਵਿਚ ਲਾਗੂ ਹੋਵੇਗਾ ਟ੍ਰੈਫਿਕ ਮੈਨੇਜਮੈਂਟ ਪਲਾਨ
Monday, May 08, 2023 - 08:31 PM (IST)
ਚੰਡੀਗੜ੍ਹ (ਰਮਨਜੀਤ ਸਿੰਘ): ਵਾਹਨਾਂ ਦੀ ਵਧਦੀ ਗਿਣਤੀ, ਬਾਹਰ ਤੋਂ ਆਉਣ ਵਾਲੇ ਟ੍ਰੈਫਿਕ ਅਤੇ ਵਿਵਸਥਾ ਲਈ ਨਾਕਾਫੀ ਸਰੋਤਾਂ ਕਾਰਨ ਗੰਭੀਰ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਰਾਜ ਦੇ ਵੱਡੇ ਉਦਯੋਗਿਕ ਸ਼ਹਿਰ ਲੁਧਿਆਣਾ ਲਈ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਹੋਵੇਗਾ। ਇਸਦੇ ਨਾਲ ਹੀ ਸ਼ਹਿਰ ਦੇ ਵਿਚਕਾਰੋਂ ਲੰਘਦੇ ਬੁੱਢੇ ਨਾਲੇ ਦੇ ਦੋਵਾਂ ਕਿਨਾਰਿਆਂ ਨੂੰ ਸੜਕ ਆਵਾਜਾਈ ਲਈ ਇਸਤੇਮਾਲ ਕਰਨ ਦੀ ਯੋਜਨਾ ਹੈ ਤਾਂ ਕਿ ਟ੍ਰੈਫਿਕ ਦਾ ਲੋਡ ਡਾਇਵਰਟ ਹੋ ਕੇ ਘੱਟ ਹੋ ਸਕੇ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋਂ ਇਸ ਪਲਾਨ ਦਾ ਜ਼ਿਕਰ ਵਿਧਾਨਸਭਾ ਦੌਰਾਨ ਵੀ ਕੀਤਾ ਜਾ ਚੁੱਕਿਆ ਹੈ।
ਇੰਡਸਟਰੀਜ਼ ਵਧਣ ਦੇ ਨਾਲ ਹੀ ਵਧਦੀ ਗਈ ਸਮੱਸਿਆ
ਲੁਧਿਆਣਾ ਪੰਜਾਬ ਦਾ ਇੰਡਸਟ੍ਰੀਅਲ ਹੱਬ ਹੈ ਅਤੇ ਕਈ ਦਹਾਕਿਆਂ ਦੌਰਾਨ ਨਾ ਸਿਰਫ ਇਸ ਸ਼ਹਿਰ ਵਿਚ ਕਾਰਖਾਨੇ ਅਤੇ ਕਾਰੋਬਾਰ ਵਧਦੇ ਗਏ, ਸਗੋਂ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਰੋਜ਼ ਲੁਧਿਆਣਾ ਵਿਚ ਬਾਹਰ ਤੋਂ ਲੋਕ ਪਹੁੰਚਦੇ ਰਹੇ ਹਨ। ਚੰਗੀ ਇਨਕਮ ਹੋਣ ਦੇ ਨਾਲ ਹੀ ਵਾਹਨਾਂ ਦੀ ਖਰੀਦ ਅਤੇ ਇਸਤੇਮਾਲ ਵੀ ਵਧਿਆ, ਸੜਕਾਂ ਬਣਾਏ ਜਾਣ ਦੇ ਬਾਵਜੂਦ ਲੰਬੇ ਸਮੇਂ ਤੋਂ ਲੁਧਿਆਣਾ ਟ੍ਰੈਫਿਕ ਜਾਮ ਦੀ ਗੰਭੀਰ ਸਮੱਸਿਆ ਦਾ ਸ਼ਿਕਾਰ ਬਣਿਆ ਹੋਇਆ ਹੈ। ਚੌਕਾਂ ’ਚ ਲੰਬੀਆਂ-ਲੰਬੀਆਂ ਵਾਹਨਾਂ ਦੀਆਂ ਕਤਾਰਾਂ ਦਿਨ ਦੇ ਹਰ ਪਹਿਰ ਲੱਗੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ : RDF ਲਈ ਕੇਂਦਰ ਕੋਲ ਜਾਣ ਨੂੰ ਤਿਆਰ ਜਾਖੜ, ਪਰ CM ਮਾਨ ਅੱਗੇ ਰੱਖੀ ਇਹ ਸ਼ਰਤ
ਵਾਹਨ ਵਧੇ ਪਰ ਮੁਲਾਜ਼ਮਾਂ ਦੀ ਗਿਣਤੀ ਘਟੀ
ਸਾਲ ਦਰ ਸਾਲ ਲੁਧਿਆਣਾ ਵਿਚ ਰਹਿਣ ਵਾਲਿਆਂ ਦੀ ਗਿਣਤੀ ਦੇ ਨਾਲ-ਨਾਲ ਵਾਹਨਾਂ ਦੀ ਗਿਣਤੀ ਵੀ ਵਧਦੀ ਗਈ ਹੈ ਅਤੇ ਕਾਰੋਬਾਰ ਦੇ ਸਿਲਸਿਲੇ ਵਿਚ ਦੂਜੇ ਸ਼ਹਿਰਾਂ ਤੋਂ ਰੋਜ਼ਾਨਾ ਲੁਧਿਆਣਾ ਦਾ ਰੁਖ਼ ਕਰਨ ਵਾਲਿਆਂ ਦੀ ਵੀ। ਇਸ ਸਾਰੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਹਾਲਾਂਕਿ ਪੰਜਾਬ ਪੁਲਸ ਵਲੋਂ ਇੰਤਜ਼ਾਮ ਕੀਤਾ ਜਾਂਦਾ ਹੈ ਅਤੇ ਜ਼ਿਆਦਾ ਭੀੜਭਾੜ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਮੁਲਾਜ਼ਮਾਂ ਦੀ ਨਿਯੁਕਤੀ ਵੀ ਹੁੰਦੀ ਹੈ ਪਰ ਟ੍ਰੈਫਿਕ ਮੁਲਾਜ਼ਮਾਂ ਦੀ ਭਾਰੀ ਕਮੀ ਹੈ। ਆਲਮ ਇਹ ਹੈ ਕਿ 2006 ਵਿਚ ਸ਼ਹਿਰ ਦੀ ਟ੍ਰੈਫਿਕ ਕੰਟਰੋਲ ਕਰਨ ਲਈ 175 ਪੁਲਸ ਮੁਲਾਜ਼ਮ ਮੌਜੂਦ ਰਹਿੰਦੇ ਸਨ, ਜੋ ਕਿ 17 ਸਾਲ ਬਾਅਦ ਭਾਵੇਂ ਹੀ ਵਾਹਨਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ ਪਰ ਟ੍ਰੈਫਿਕ ਕੰਟਰੋਲ ਲਈ ਮੌਜੂਦਾ ਸਮੇਂ ਵਿਚ ਮੁਲਾਜ਼ਮਾਂ ਦੀ ਗਿਣਤੀ ਘਟ ਕੇ 150 ਹੀ ਰਹਿ ਗਈ ਹੈ। ਅਜਿਹੇ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੈ।
ਸਮੱਸਿਆ ਦੇ ਨਿਵਾਰਨ ਲਈ ਟ੍ਰੈਫਿਕ ਮੈਨੇਜਮੈਂਟ ਪਲਾਨ
ਵਿਕਰਾਲ ਹੁੰਦੀ ਸਮੱਸਿਆ ਨਾਲ ਨਿਪਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋਂ ਲੁਧਿਆਣਾ ਸਿਟੀ ਟ੍ਰੈਫਿਕ ਮੈਨੇਜਮੈਂਟ ਪਲਾਨ ਲਾਗੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੇ ਨਾਲ ਐੱਮ. ਓ. ਯੂ. ਕੀਤਾ ਗਿਆ ਹੈ। ਨਿੱਜਰ ਮੁਤਾਬਕ ਐੱਮ. ਸੀ. ਲੁਧਿਆਣਾ ਕਮਿਸ਼ਨਰ ਸ਼ੇਨਾ ਅਗਰਵਾਲ ਉਕਤ ਇੰਸਟੀਚਿਊਟ ਨਾਲ ਲਗਾਤਾਰ ਰਾਬਤਾ ਕਾਇਮ ਰੱਖਦੇ ਹੋਏ ਪਲਾਨ ਤਿਆਰ ਕਰਵਾ ਰਹੇ ਹਨ, ਜਿਸ ਵਿਚ ਨਾ ਸਿਰਫ ਲੁਧਿਆਣਾ ਦਾ ਟ੍ਰੈਫਿਕ ਮੈਨੇਜ ਹੋਵੇਗਾ, ਸਗੋਂ ਰੋਡ ਇੰਫਰਾਸਟ੍ਰਕਚਰ ਦੀਆਂ ਕਮੀਆਂ ਦੂਰ ਕਰ ਕੇ ਸੜਕਾਂ ਨੂੰ ਟ੍ਰੈਫਿਕ ਫਲੋ ਲਈ ਸੁਖਦ ਅਤੇ ਸੁਰੱਖਿਅਤ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਲੋਕਾਂ ਨੇ ਮਨ ਬਣਾਇਆ, ਸੰਗਰੂਰ ਵਾਂਗ ਜਲੰਧਰ ’ਚ ਵੀ ਦੇਣਗੇ ਜਵਾਬ : ਸ਼ੇਖਾਵਤ
42 ਚੌਕਾਂ ’ਚ ਲੱਗਣਗੇ ਐਡਾਪਟਿਵ ਇੰਟੈਲੀਜੈਂਟ ਟ੍ਰੈਫਿਕ ਕੰਟਰੋਲ ਸਿਸਟਮ
ਪੰਜਾਬ ਸਰਕਾਰ ਵਲੋਂ ਲੁਧਿਆਣਾ ਲਈ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰਨ ਦੇ ਨਾਲ-ਨਾਲ ਲੁਧਿਆਣਾ ਦੇ ਸਭ ਤੋਂ ਮਸ਼ਰੂਫ ਮੰਨੇ ਜਾਂਦੇ 42 ਚੌਕਾਂ ’ਤੇ ਐਡਾਪਟਿਵ ਇੰਟੈਲੀਜੈਂਟ ਟ੍ਰੈਫਿਕ ਕੰਟਰੋਲ ਸਿਸਟਮ ਲਗਾਉਣ ਦੀ ਯੋਜਨਾ ਹੈ। ਇਸ ਸਿਸਟਮ ਦੇ ਲੱਗਣ ’ਤੇ ਟ੍ਰੈਫਿਕ ਸੰਕੇਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਜ਼ਿਆਦਾ ਟ੍ਰੈਫਿਕ ਵਾਲੇ ਮਾਰਗਾਂ ਨੂੰ ਜ਼ਿਆਦਾ ਸਮੇਂ ਲਈ ਗ੍ਰੀਨ ਲਾਈਟ ਦੇਣਗੇ, ਤਾਂ ਕਿ ਜਾਮ ਦੀ ਸਥਿਤੀ ਨੂੰ ਘੱਟ ਤੋਂ ਘੱਟ ਰੱਖਿਆ ਜਾ ਸਕੇ। ਇਸਦੇ ਨਾਲ ਹੀ ਐਮਰਜੈਂਸੀ ਲਈ ਇਸ ਸਿਸਟਮਜ਼ ’ਤੇ ਮੈਨੂਅਲ ਓਵਰਰਾਈਡ ਦੀ ਵਿਵਸਥਾ ਵੀ ਮੌਜੂਦ ਰਹੇਗੀ, ਤਾਂ ਕਿ ਕਿਸੇ ਐਮਰਜੈਂਸੀ ਸਥਿਤੀ ਦੌਰਾਨ ਟ੍ਰੈਫਿਕ ਨੂੰ ਮੈਨੂਅਲੀ ਚਲਾਇਆ ਜਾ ਸਕੇ। ਇਸਨੂੰ ਟ੍ਰੈਫਿਕ ਮੈਨੇਜਮੈਂਟ ਪਲਾਨ ਦੇ ਫਲੋਅ ਚਾਰਟ ਦੇ ਮੁਤਾਬਕ ਸੈੱਟ ਕੀਤਾ ਜਾਵੇਗਾ, ਤਾਂ ਕਿ ਟ੍ਰੈਫਿਕ ਲੋਡ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਘੱਟ ਤੋਂ ਘੱਟ ਰੱਖਿਆ ਜਾਵੇ। ਇਨਾ ਹੀ ਨਹੀਂ, ਬੁੱਢੇ ਨਾਲੇ ਦੇ ਇੱਕ ਕੰਡੇ ਬਣੀ ਹੋਈ ਮੌਜੂਦਾ ਸੜਕ ਨੂੰ ਹੋਰ ਚੌੜਾ ਕਰਨ ਦੇ ਨਾਲ-ਨਾਲ ਦੂਜੇ ਕੰਡੇ ’ਤੇ ਵੀ ਸੜਕ ਬਣਾਕੇ ਟ੍ਰੈਫਿਕ ਨੂੰ ਡਾਇਵਰਟ ਕਰ ਕੇ ਚੌਕਾਂ ’ਤੇ ਪੈਣ ਵਾਲੇ ਟ੍ਰੈਫਿਕ ਲੋਡ ਨੂੰ ਘੱਟ ਕਰਨ ਦੀ ਯੋਜਨਾ ਹੈ। ਉੱਥੇ ਹੀ, ਪੱਖੋਵਾਲ ਰੋਡ ’ਤੇ ਆਰ. ਓ. ਬੀ. ਅਤੇ ਆਰ. ਯੂ. ਬੀ. ਲਈ ਅਪ੍ਰੋਚ ਰੋਡ ਤਿਆਰ ਕੀਤੀ ਜਾਵੇਗੀ, ਜਿਸ ਨਾਲ ਜਾਮ ਦੀ ਸਥਿਤੀ ਘੱਟ ਹੋਵੇਗੀ।
ਵੱਡੇ ਪੱਧਰ ’ਤੇ ਸਲਾਹ-ਮਸ਼ਵਰੇ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਹੈ। ਇਸ ਨਾਲ ਸ਼ਹਿਰ ਵਿਚ ਰਹਿਣ ਵਾਲਿਆਂ ਅਤੇ ਵੱਖ-ਵੱਖ ਕੰਮਾਂ ਕਾਰਨ ਲੁਧਿਆਣਾ ਵਿਚ ਆਉਣ ਵਾਲਿਆਂ ਨੂੰ ਵੱਡੀ ਰਾਹਤ ਮਿਲਣ ਲੱਗੇਗੀ। ਮੈਨੇਜਮੈਂਟ ਪਲਾਨ, ਅੈਡਾਪਟਿਵ ਇੰਟੈਲੀਜੈਂਟ ਟ੍ਰੈਫਿਕ ਸਿਸਟਮ ਅਤੇ ਨਵੇਂ ਰੂਟ ’ਤੇ ਟ੍ਰੈਫਿਕ ਡਾਇਵਰਟ ਹੋਣ ਨਾਲ ਟ੍ਰੈਫਿਕ ਦਾ ਫਲੋਅ ਕਾਰਗਰ ਤਰੀਕੇ ਨਾਲ ਚੱਲੇਗਾ। ਟ੍ਰੈਫਿਕ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਗਈ ਹੈ।
-ਡਾ. ਇੰਦਰਬੀਰ ਸਿੰਘ ਨਿੱਜਰ, ਸਥਾਨਕ ਸਰਕਾਰਾਂ ਮੰਤਰੀ, ਪੰਜਾਬ
ਇਹ ਵੀ ਪੜ੍ਹੋ : ਮੁੱਢਲੀ ਸਿਹਤ ਸੁਰੱਖਿਆ ਵਿਚ ਆਯੁਸ਼ ਨੂੰ ਉਤਸ਼ਾਹ ਨਾਲ ਹੀ ਸੁਧਰ ਸਕਦਾ ਹੈ ਹੈਲਥ ਸਿਸਟਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।