ਟ੍ਰੈਫਿਕ ਦੌਰਾਨ ਹੋਈ ਹੱਥੋਪਾਈ 'ਚ ਗੁਰਸਿੱਖ ਵਿਅਕਤੀ ਦੀ ਖਿੱਚੀ ਦਾੜ੍ਹੀ, ਭਖਿਆ ਮਾਮਲਾ

01/23/2020 10:26:05 AM

ਪਟਿਆਲਾ (ਜੋਸਨ): ਪਟਿਆਲਾ ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਖੇ ਇਕ ਸਿੱਖ ਵਿਅਕਤੀ ਦੀ ਦਾੜ੍ਹੀ ਖਿੱਚ ਕੇ ਉਸ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸਥਾਨਕ ਤ੍ਰਿਪੜੀ ਦੇ ਇਲਾਕਾ ਨਿਵਾਸੀਆਂ ਵੱਲੋਂ ਦਾੜ੍ਹੀ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਤ੍ਰਿਪੜੀ ਵਿਖੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।

ਪੀੜਤ ਸਿੱਖ ਵਿਅਕਤੀ ਨੇ ਦੱਸਿਆ ਕਿ ਉਸ ਦਾ ਬੇਟਾ ਤ੍ਰਿਪੜੀ ਇਲਾਕੇ ਦੇ ਕੋਹਲੀ ਸਵੀਟਸ ਨੇੜੇ ਆਪਣੀ ਗੱਡੀ ਵਿਚ ਜਾ ਰਿਹਾ ਸੀ ਤੇ ਉਸ ਦੀ ਗੱਡੀ ਦੇ ਨਾਲ ਇਕ ਹੋਰ ਗੱਡੀ ਆ ਕੇ ਟਕਰਾਅ ਗਈ, ਜਿਸ ਤੋਂ ਬਾਅਦ ਉਕਤ ਵਿਅਕਤੀ ਵੱਲੋਂ ਉਸ ਦੇ ਬੇਟੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਬੇਟੇ ਨੇ ਇਸ ਘਟਨਾ ਦੀ ਸੂਚਨਾ ਮੈਨੂੰ ਦਿੱਤੀ ਅਤੇ ਜਦੋਂ ਮੈਂ ਉਥੇ ਗਿਆ ਤਾਂ ਉਕਤ ਵਿਅਕਤੀ ਮੇਰੇ ਨਾਲ ਹੱਥੋਪਾਈ ਕਰ ਰਿਹਾ ਸੀ ਅਤੇ ਜਦੋਂ ਮੈਂ ਉਨ੍ਹਾਂ ਨੂੰ ਹਟਾਉਣ ਲੱਗਾ ਤਾਂ ਉਨ੍ਹਾਂ ਨੇ ਮੇਰੇ ਨਾਲ ਵੀ ਹੱਥੋਪਾਈ ਕਰਦਿਆਂ ਮੇਰੀ ਦਾੜ੍ਹੀ ਖਿੱਚ ਕੇ ਮੈਨੂੰ ਧੱਕੇ ਮਾਰ ਕੇ ਡੇਗ ਦਿੱਤਾ ਅਤੇ ਇਸ ਦੀ ਸੂਚਨਾ ਮੈਂ ਥਾਣਾ ਤ੍ਰਿਪੜੀ ਵਿਖੇ ਦਿੱਤੀ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਉਕਤ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ।

PunjabKesari

ਪੀੜਤ ਸਿੱਖ ਵਿਅਕਤੀ ਨੇ ਦੱਸਿਆ ਕਿ ਉਸ ਦੇ ਨਾਲ ਬਦਸਲੂਕੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ। ਉਥੇ ਨਾਲ ਹੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਆਵਾਜਾਈ ਦੌਰਾਨ ਜੇਕਰ ਕੋਈ ਵਾਹਨ ਇਕ-ਦੂਜੇ ਨਾਲ ਟਕਰਾਅ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਿੱਖਾਂ ਦੀਆਂ ਪੱਗਾਂ ਉਤਾਰੀਆਂ ਜਾਣ ਜਾਂ ਉਨ੍ਹਾਂ ਦੀ ਬੇਅਦਬੀ ਕੀਤੀ ਜਾਵੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਆ ਚੁੱਕੇ ਹਨ, ਜਿਥੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ, ਉਥੇ ਹੀ ਸਿੱਖਾਂ ਦੇ ਕੇਸਾਂ ਅਤੇ ਦਾੜ੍ਹੀ ਨੂੰ ਪੁੱਟ ਕੇ ਉਸ ਦੀ ਬੇਅਦਬੀ ਕੀਤੀ ਜਾਂਦੀ ਹੈ ਪਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਖਿਲਾਫ ਪੁਲਸ ਪ੍ਰਸ਼ਾਸਨ ਵਲੋਂ ਸਖਤੀ ਨਹੀਂ ਵਰਤੀ ਜਾਂਦੀ ਪਰ ਅਜਿਹੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਨੂੰ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਵੱਲੋਂ ਅੱਜ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਨਗੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਇਸ ਮਸਲੇ ਨੂੰ ਉਠਾਉਣਗੀਆਂ।
ਉਥੇ ਹੀ ਮਾਮਲੇ ਨੂੰ ਵਧਦਾ ਦੇਖ ਥਾਣਾ ਤ੍ਰਿਪੜੀ ਦੀ ਪੁਲਸ ਪਾਰਟੀ ਜਾਮ ਲੱਗਣ ਤੋਂ ਇਕ ਘੰਟਾ ਬਾਅਦ ਪਹੁੰਚੀ, ਜਿਥੇ ਉਨ੍ਹਾਂ ਵੱਲੋਂ ਹੱਥੋਪਾਈ ਅਤੇ ਸਿੱਖ ਵਿਅਕਤੀ ਦੀ ਦਾੜ੍ਹੀ ਖਿੱਚ ਕੇ ਉਸ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਇਸ ਧਰਨੇ ਨੂੰ ਹਟਾਇਆ।


Shyna

Content Editor

Related News