ਹੁਣ ਐਂਬੂਲੈਂਸ ਨੂੰ ਪਹਿਲਾਂ ਰਸਤਾ ਦਿਵਾਉਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਨੂੰ ਮਿਲੇਗੀ ਸ਼ਾਬਾਸ਼ੀ
Sunday, Jan 16, 2022 - 10:47 AM (IST)
ਲੁਧਿਆਣਾ (ਸੰਨੀ) : ਜਾਮ ਦੌਰਾਨ ਐਮਰਜੈਂਸੀ 'ਚ ਜਾ ਰਹੀ ਐਂਬੂਲੈਂਸ ਨੂੰ ਰਸਤਾ ਦਿਵਾਉਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਨੂੰ ਹੁਣ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਾਬਾਸ਼ੀ ਮਿਲੇਗੀ। ਟ੍ਰੈਫਿਕ ਪੁਲਸ ਦੀ ਸਾਰੀ ਫੋਰਸ ਨੂੰ ਡੀ. ਸੀ. ਪੀ. ਸੌਮਯਾ ਮਿਸ਼ਰਾ ਵੱਲੋਂ ਇਸ ਸਬੰਧੀ ਬ੍ਰੀਫ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟ੍ਰੈਫਿਕ ਵਿਭਾਗ ਹਸਪਤਾਲਾਂ ਅਤੇ ਐਂਬੂਲੈਂਸ ਸੰਚਾਲਕਾਂ ਨੂੰ ਵੀ ਹਦਾਇਤਾਂ ਜਾਰੀ ਕਰਨ ਜਾ ਰਿਹਾ ਹੈ ਤਾਂ ਜੋ ਸੜਕਾਂ ’ਤੇ ਜਾਮ ਦੌਰਾਨ ਕੋਈ ਐਂਬੂਲੈਂਸ ਨਾ ਫਸੇ। ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਸਾਰੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਚੌਂਕ ਜਾਂ ਸੜਕ ’ਤੇ ਟ੍ਰੈਫਿਕ ਜਾਮ ਦੇ ਹਾਲਾਤ ਵਿਚ ਤੁਰੰਤ ਰਸਤਾ ਰੋਕ ਕੇ ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਕਢਵਾਇਆ ਜਾਵੇ ਤਾਂ ਕਿ ਐਂਬੂਲੈਂਸ ’ਚ ਮਰੀਜ਼ ਹੋਣ ’ਤੇ ਉਸ ਨੂੰ ਹਸਪਤਾਲ ਪੁੱਜਣ ਵਿਚ ਦੇਰ ਨਾ ਹੋਵੇਗਾ। ਅਜਿਹਾ ਕਰਨ ਵਾਲੇ ਮੁਲਾਜ਼ਮਾਂ ਨੂੰ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਵਿਸ਼ੇਸ਼ ਰੂਪ ਨਾਲ ਪ੍ਰਸ਼ੰਸਾ ਪੱਤਰ ਦੇ ਕੇ ਸ਼ਾਬਾਸ਼ੀ ਜ਼ਾਹਿਰ ਕੀਤੀ ਜਾਵੇਗੀ। ਇਸ ਕਦਮ ਦੇ ਪਿੱਛੇ ਟ੍ਰੈਫਿਕ ਪੁਲਸ ਦਾ ਮਕਸਦ ਮੁਲਾਜ਼ਮਾਂ ਨੂੰ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਪਹਿਲ ਦੇ ਆਧਾਰ ’ਤੇ ਰਸਤਾ ਦਿਵਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਕਈ ਵਾਰ ਦੇਖਿਆ ਗਿਆ ਹੈ ਕਿ ਐਂਬੂਲੈਂਸ ਦੇ ਚਾਲਕ ਵੀ ਬਿਨਾਂ ਕਾਰਨ ਸਾਇਰਨ ਜਾਂ ਹੂਟਰ ਦੀ ਵਰਤੋਂ ਕਰਦੇ ਹਨ। ਇਸ ਲਈ ਟ੍ਰੈਫਿਕ ਪੁਲਸ ਵੱਲੋਂ ਸਾਰੇ ਹਸਪਤਾਲਾਂ ਅਤੇ ਪ੍ਰਾਈਵੇਟ ਐਂਬੂਲੈਂਸਾਂ ਦੇ ਸੰਚਾਲਕਾਂ ਨੂੰ ਇਕ ਪੱਤਰ ਭੇਜ ਕੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਐਂਬੂਲੈਂਸ ਦੇ ਚਾਲਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਸਾਇਰਨ ਜਾਂ ਹੂਟਰ ਦੀ ਵਰਤੋਂ ਉਦੋਂ ਹੀ ਕਰਨ, ਜਦੋਂ ਕਿਸੇ ਮਰੀਜ਼ ਨੂੰ ਲੈਣ ਜਾਂ ਛੱਡਣ ਜਾਣ। ਜਦੋਂ ਉਹ ਡਿਊਟੀ ’ਤੇ ਨਾ ਹੋਣ ਤਾਂ ਬਿਨਾਂ ਕਾਰਨ ਸਾਇਰਨ ਜਾਂ ਹੂਟਰ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨ। ਇਸ ਤੋਂ ਇਲਾਵਾ ਕਈ ਹੋਰ ਹਦਾਇਤਾਂ ਵੀ ਐਂਬੂਲੈਂਸ ਚਾਲਕਾਂ ਨੂੰ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਕਾਰਨ ਕਰਕੇ CM ਚਿਹਰਾ ਐਲਾਨਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ 'ਕਾਂਗਰਸ'
ਐਂਬੂਲੈਂਸ ਨੂੰ ਰਸਤਾ ਨਾ ਦੇਣ ’ਤੇ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ
ਮੋਟਰ ਵ੍ਹੀਕਲ ਐਕਟ ਦੀ ਗੱਲ ਕਰੀਏ ਤਾਂ ਐਂਬੂਲੈਂਸ ਜਾਂ ਕਿਸੇ ਹੋਰ ਐਮਰਜੈਂਸੀ ਵਾਹਨ ਨੂੰ ਰਸਤਾ ਨਾ ਦੇਣ ’ਤੇ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਦਾ ਰਸਤਾ ਰੋਕਣ ’ਤੇ 6 ਮਹੀਨਿਆਂ ਦੀ ਕੈਦ ਜਾਂ 10 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਵੋਟਾਂ ਦੀ ਤਾਰੀਖ਼ ਮੁਲਤਵੀ ਕਰਨ ਦੀ ਮੰਗ, ਜਾਣੋ ਕਾਰਨ
ਸੋਸ਼ਲ ਮੀਡੀਆ ’ਤੇ ਕਰ ਰਹੇ ਜਾਗਰੂਕ
ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਵੱਲੋਂ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ’ਤੇ ਲੋਕਾਂ ਨੂੰ ਐਂਬੂਲੈਂਸ ਨੂੰ ਰਸਤਾ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੋਟਰ ਵ੍ਹੀਕਲ ਐਕਟ ਦੀ ਜਾਣਕਾਰੀ ਦੇ ਕੇ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਐਂਬੂਲੈਂਸ ਜਾਂ ਕਿਸੇ ਹੋਰ ਐਮਰਜੈਂਸੀ ਵਾਹਨ ਨੂੰ ਰਸਤਾ ਨਾ ਦੇਣ ’ਤੇ ਸਜ਼ਾ ਅਤੇ ਜੁਰਮਾਨਾ ਹੋ ਸਕਦੇ ਹਨ। ਇਸ ਲਈ ਬਕਾਇਦਾ ਆਕਰਸ਼ਕ ਪੋਸਟਰ ਤੱਕ ਤਿਆਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਪਾਲਿਟਿਕਸ ਦੇ 'ਪਾਵਰਫੁਲ ਕਪਲਜ਼', ਸਿਆਸਤ 'ਚ ਸੂਬੇ ਤੋਂ ਲੈ ਕੇ ਕੇਂਦਰ ਤੱਕ ਜਮਾਈ ਧਾਕ (ਤਸਵੀਰਾਂ)
ਜਾਮ ਵਿਚ ਐਂਬੂਲੈਂਸ ਦਿਸੇ ਤਾਂ ਤੁਰੰਤ 78370-18932 ਨੰਬਰ ’ਤੇ ਕਰੋ ਸੂਚਿਤ
ਟ੍ਰੈਫਿਕ ਵਿਭਾਗ ਵੱਲੋਂ ਐਂਬੂਲੈਂਸਾਂ ਨੂੰ ਪਹਿਲ ਦੇ ਆਧਾਰ ’ਤੇ ਰਸਤਾ ਦਿਵਾਉਣ ਲਈ ਇਕ ਮੋਬਾਇਲ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਨਾਗਰਿਕ ਨੂੰ ਜਾਮ ਵਿਚ ਐਂਬੂਲੈਂਸ ਫਸੀ ਦਿਸੇ ਤਾਂ ਇਸ ਦੀ ਸੂਚਨਾ ਤੁਰੰਤ ਇਸ ਨੰਬਰ ’ਤੇ 78370-18932 ’ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਮਿਲਦੇ ਹੀ ਆਸ-ਪਾਸ ਦੇ ਟਰੈਫਿਕ ਮੁਲਾਜ਼ਮ ਤੁਰੰਤ ਐਂਬੂਲੈਂਸ ਨੂੰ ਜਾਮ ’ਚੋਂ ਕਢਵਾਉਣ ਦੇ ਯਤਨ ਸ਼ੁਰੂ ਕਰ ਦੇਣਗੇ।
ਸੁਚਾਰੂ ਟ੍ਰੈਫਿਕ ਵਿਵਸਥਾ ਚਲਾਉਣਾ ਹੀ ਮਕਸਦ : ਡੀ. ਸੀ. ਪੀ.
ਇਸ ਸਬੰਧੀ ਡੀ. ਸੀ. ਪੀ. ਟ੍ਰੈਫਿਕ ਸੌਮਯਾ ਮਿਸ਼ਰਾ ਦਾ ਕਹਿਣਾ ਹੈ ਕਿ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣਾ ਹੀ ਵਿਭਾਗ ਦਾ ਮਕਸਦ ਹੈ। ਟ੍ਰੈਫਿਕ ਮੁਲਾਜ਼ਮਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਜਾਮ ਵਿਚ ਫਸੀ ਐਂਬੂਲੈਂਸ ਨੂੰ ਪਹਿਲ ਦੇ ਆਧਾਰ ’ਤੇ ਕਢਵਾਉਣ। ਅਜਿਹੇ ਮੁਲਾਜ਼ਮਾਂ ਨੂੰ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਵਿਭਾਗ ਪ੍ਰਾਈਵੇਟ ਐਂਬੂਲੈਂਸ ਸੰਚਾਲਕਾਂ ਅਤੇ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕਰਨ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ