ਟ੍ਰੈਫਿਕ ਕੰਟਰੋਲ ਲਈ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ
Sunday, Dec 24, 2017 - 11:40 AM (IST)
ਸ੍ਰੀ ਮੁਕਤਸਰ ਸਾਹਿਬ (ਦਰਦੀ) - ਸ੍ਰੀ ਮੁਕਤਸਰ ਸਾਹਿਬ ਸ਼ਹਿਰ ਪੁਰਾਣਾ ਹੋਣ ਕਰ ਕੇ ਇਸ ਦੀਆਂ ਸੜਕਾਂ ਵੀ ਮੌਜੂਦਾ ਟ੍ਰੈਫਿਕ ਦੇ ਹਿਸਾਬ ਨਾਲੋਂ ਕਾਫੀ ਛੋਟੀਆਂ ਹਨ। ਦਿਨ-ਬ-ਦਿਨ ਸ਼ਹਿਰ ਦੀ ਵਧ ਰਹੀ ਆਬਾਦੀ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ 'ਚ ਵਿਘਨ ਪੈ ਰਿਹਾ ਹੈ। ਇਸ 'ਤੇ ਕਾਬੂ ਪਾਉਣ ਲਈ ਹਰ ਸੜਕ ਦਾ ਵੱਖਰਾ ਬਾਈਪਾਸ ਹੋਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਜਾਪ ਰਿਹਾ ਪਰ ਸਰਕਾਰ ਲਈ ਕਈ ਬਾਈਪਾਸ ਬਣਾਉਣਾ ਅਤੇ ਉਨ੍ਹਾਂ ਲਈ ਜ਼ਮੀਨ ਦਾ ਪ੍ਰਬੰਧ ਕਰਨਾ ਲੋਕਤੰਤਰ 'ਚ ਬਹੁਤ ਹੀ ਔਖਾ ਕੰਮ ਹੈ ਕਿਉਂਕਿ ਜ਼ਮੀਨ ਪ੍ਰਾਪਤ ਕਰਨ ਲਈ ਸਰਕਾਰ ਨੇ ਕਾਨੂੰਨ ਕਾਫੀ ਸਖ਼ਤ ਕਰ ਦਿੱਤੇ ਹਨ। ਇਸ ਕਰ ਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।
ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ
ਸ਼ਹਿਰ 'ਚ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ ਲੱਗਣ ਕਾਰਨ ਹੁੰਦੀ ਹੈ। ਇਸ 'ਤੇ ਕਾਬੂ ਪਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਰੇਹੜੀ ਯੂਨੀਅਨ ਦੇ ਆਗੂਆਂ ਨੂੰ ਇਕੱਠਾ ਕਰ ਕੇ ਪਿਆਰ ਨਾਲ ਸਮਝਾਇਆ ਜਾਂਦਾ ਹੈ ਕਿ ਨਾਜਾਇਜ਼ ਕਬਜ਼ੇ ਅਤੇ ਰੇਹੜੀਆਂ ਲੋਕਾਂ ਤੇ ਉਨ੍ਹਾਂ ਲਈ ਨੁਕਸਾਨ ਦਾ ਕਾਰਨ ਨਾ ਬਣਨ।
ਸੜਕਾਂ ਕੰਢੇ ਗਲਤ ਪਾਰਕਿੰਗ ਹੈ ਵੱਡੀ ਸਮੱਸਿਆ
ਜੋ ਲੋਕ ਸੜਕਾਂ ਕੰਢੇ ਆਪਣੀਆਂ ਕਾਰਾਂ ਖੜ੍ਹੀਆਂ ਕਰ ਕੇ ਬਾਜ਼ਾਰ 'ਚ ਚਲੇ ਜਾਂਦੇ ਹਨ, ਜਿਸ ਨਾਲ ਟ੍ਰੈਫਿਕ 'ਚ ਵਿਘਨ ਪੈਂਦਾ ਹੈ, ਉਨ੍ਹਾਂ ਨੂੰ ਰੋਕਣ ਲਈ ਟ੍ਰੈਫਿਕ ਪੁਲਸ ਵੱਲੋਂ ਰਿਕਵਰੀ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ। ਟ੍ਰੈਫਿਕ ਪੁਲਸ ਦੇ ਮੁਲਾਜ਼ਮ ਸਾਰਾ ਦਿਨ ਇਸ ਵੈਨ 'ਤੇ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚ ਲੈ ਕੇ ਘੁੰਮਦੇ ਹਨ ਅਤੇ ਇਸ ਦੌਰਾਨ ਜੋ ਕੋਈ ਵੀ ਵਾਹਨ ਉਨ੍ਹਾਂ ਨੂੰ ਸੜਕਾਂ ਕੰਢੇ ਗਲਤ ਤਰੀਕੇ ਨਾਲ ਖੜ੍ਹਾ ਨਜ਼ਰ ਆਉਂਦਾ ਹੈ, ਉਸ ਨੂੰ ਉਕਤ ਵਾਨ ਰਾਹੀਂ ਉਠਾ ਲਿਆ ਜਾਂਦਾ ਹੈ।
