ਬੱਸਾਂ ਦੀ ਤੇਜ਼ ਗਤੀ ਤੇ ਟ੍ਰੈਫ਼ਿਕ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

10/31/2017 10:38:21 AM

ਕੋਟਕਪੂਰਾ (ਨਰਿੰਦਰ) - ਸਥਾਨਕ ਫ਼ਰੀਦਕੋਟ ਰੋਡ 'ਤੇ ਰੇਲਵੇ ਫ਼ਾਟਕ ਉਪਰ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਕਾਰਨ ਫ਼ਰੀਦਕੋਟ ਸੜਕ ਨੂੰ ਫਾਟਕ ਵਾਲੇ ਰਸਤੇ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਰਸਤਾ ਬੰਦ ਹੋਣ ਕਾਰਨ ਹੁਣ ਫ਼ਰੀਦਕੋਟ ਨੂੰ ਜਾਣ ਵਾਲਾ ਜ਼ਿਆਦਾਤਰ ਟ੍ਰੈਫ਼ਿਕ ਸਥਾਨਕ ਦੇਵੀਵਾਲਾ ਰੋਡ 'ਤੋਂ ਲੰਘ ਰਿਹਾ ਹੈ। 
ਭਾਰੀ ਵਸੋਂ ਵਾਲੇ ਇਸ ਰਿਹਾਇਸ਼ੀ ਇਲਾਕੇ ਵਿਚੋਂ ਲੰਘਦੀ ਇਸ ਸੜਕ 'ਤੇ ਵੱਡੇ ਵਾਹਨਾਂ ਦੀ ਭਾਰੀ ਆਵਾਜਾਈ ਕਾਰਨ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਦੀ ਤੇਜ਼ ਗਤੀ ਤੇ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਾਰਨ ਹਰ ਸਮੇਂ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਹ ਸੜਕ ਹਾਈਵੇ ਨਾ ਹੋ ਕੇ ਪੇਂਡੂ ਸੜਕ ਯੋਜਨਾ 'ਚ ਬਣੀ ਹੈ ਪਰ ਇਸ ਨੂੰ ਹੁਣ ਨੈਸ਼ਨਲ ਹਾਈਵੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਪ੍ਰੇਸ਼ਾਨ ਮੁਹੱਲਾ ਵਾਸੀਆਂ ਵੱਲੋਂ ਇਸ ਨੂੰ ਲੈ ਕੇ ਇਕ ਮੰਗ ਪੱਤਰ ਐੱਸ. ਡੀ. ਐੱਮ. ਕੋਟਕਪੂਰਾ ਨੂੰ ਦਿੱਤਾ ਗਿਆ।
ਮੰਗ ਪੱਤਰ ਰਾਹੀਂ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹ ਟ੍ਰੈਫ਼ਿਕ ਖਾਸ ਕਰ ਕੇ ਬੱਸਾਂ ਨੂੰ ਦੇਵੀਵਾਲਾ ਰੋਡ ਦੀ ਬਜਾਏ ਮੋਗਾ ਰੋਡ ਰਿਲਾਇੰਸ ਪੰਪ ਕੋਲ ਦੀ ਬੱਸ ਸਟੈਂਡ ਵੱਲ ਚਲਾਇਆ ਜਾਵੇ, ਇਸ ਨਾਲ ਦੇਵੀਵਾਲਾ ਰੋਡ 'ਤੇ ਟ੍ਰੈਫ਼ਿਕ ਦੀ ਸਮੱਸਿਆ ਹੱਲ ਹੋਣ ਦੇ ਨਾਲ-ਨਾਲ ਹਾਦਸਿਆਂ ਦਾ ਡਰ ਵੀ ਖਤਮ ਹੋ ਜਾਵੇਗਾ। ਇਸ ਮੌਕੇ ਹਰਪਿੰਦਰਪਾਲ ਸਿੰਘ, ਉਜਾਗਰ ਸਿੰਘ, ਨਿਰਭੈ ਸਿੰਘ ਹਾਜ਼ਰ ਸਨ। 


Related News