ਸਕੂਲੀ ਬੱਚਿਆਂ ਦੀ ਜਾਨ ਦਾ ਖੋਹ ਬਣੇ ਓਵਰਲੋਡਿਡ ਵੱਡੇ ਟਰੱਕ
Thursday, Aug 24, 2017 - 12:11 AM (IST)
ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਦੇ ਨੇੜੇ ਮੱਲਾਂਵਾਲਾ ਰੋਡ 'ਤੇ ਬੰਡਾਲਾ ਪੁੱਲ ਬਣਨ ਦੇ ਕਾਰਨ ਰਾਜਸਥਾਨ ਤੋਂ ਆਉਣ ਵਾਲੇ ਅਤੇ ਅੰਮ੍ਰਿਤਸਰ ਤੇ ਜੰਮੂ ਜਾਣ ਵਾਲੇ ਵੱਡੇ-ਵੱਡੇ ਟਰੱਕ ਫਿਰੋਜ਼ਪੁਰ ਸ਼ਹਿਰ ਵਿਚ ਦਾਖਲ ਹੋਣ ਲੱਗੇ ਹਨ। ਇਸ ਨਾਲ ਜਿਥੇ ਫਿਰੋਜ਼ਪੁਰ ਵਿਚ ਟ੍ਰੈਫਿਕ ਵਿਵਸਥਾ ਗੜਬੜਾ ਗਈ ਹੈ, ਉਥੇ ਹੀ ਇਹ ਭਾਰੀ ਵਾਹਨ ਆਮ ਲੋਕਾਂ ਅਤੇ ਖਾਸ ਕਰ ਕੇ ਛੋਟੇ-ਛੋਟੇ ਸਕੂਲੀ ਬੱਚਿਆਂ ਦੀ ਜਾਨ ਦਾ ਖੋਹ ਬਣੇ ਹੋਏ ਹਨ। ਸਵੇਰ ਦੇ ਸਮੇਂ ਜਦ ਸਕੂਲੀ ਬੱਚੇ ਆਟੋ ਰਿਕਸ਼ਾ ਜਾਂ ਰਿਕਸ਼ੇ ਵਿਚ ਸਕੂਲਾਂ ਵੱਲ ਜਾ ਰਹੇ ਹੁੰਦੇ ਹਨ, ਉਦੋਂ ਵੱਡੇ-ਵੱਡੇ ਓਵਰਲੋਡਿਡ ਟਰੱਕ ਫਿਰੋਜ਼ਪੁਰ ਸ਼ਹਿਰ 'ਚੋਂ ਨਿਕਲਦੇ ਹਨ, ਜਿਸ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਅਜਿਹੇ ਵਾਹਨਾਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਦਾਖਲ ਹੋਣਾ ਜਿਥੇ ਕਾਨੂੰਨ ਦੇ ਖਿਲਾਫ ਹੈ, ਉਥੇ ਆਮ ਲੋਕਾਂ ਦੀ ਜਾਨ ਲਈ ਵੀ ਭਾਰੀ ਖਤਰਾ ਹੈ।
ਕੇਂਦਰੀ ਜੇਲ ਦੇ ਕੋਲ ਬਣੇ ਪ੍ਰੈੱਸ ਕਲੱਬ ਚੌਕ 'ਤੇ ਕਿਸੇ ਵੀ ਸਮੇਂ ਹੋ ਸਕਦੈ ਵੱਡਾ ਹਾਦਸਾ
ਕੇਂਦਰੀ ਜੇਲ ਦੇ ਕੋਲ ਮਾਲ ਰੋਡ ਫਿਰੋਜ਼ਪੁਰ ਸ਼ਹਿਰ 'ਤੇ ਬਣੇ ਪ੍ਰੈੱਸ ਕਲੱਬ ਚੌਕ ਵਿਚ ਟ੍ਰੈਫਿਕ ਵਿਵਸਥਾ ਠੀਕ ਨਾ ਹੋਣ ਦੇ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਸਕੂਲੀ ਬੱਚਿਆਂ ਦੇ ਨਾਲ-ਨਾਲ ਆਮ ਲੋਕਾਂ ਦੀ ਕੀਮਤੀ ਜਾਨਾਂ ਜਾ ਸਕਦੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਫਿਰੋਜ਼ਪਰ ਦੇ ਐੱਨ. ਜੀ. ਓ. ਤੇ ਯੁਵਾ ਭਾਜਪਾ ਆਗੂ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨੇ ਦੱਸਿਆ ਕਿ ਸਵੇਰੇ 7 ਤੋਂ 8 ਵਜੇ ਅਤੇ ਦੁਪਹਿਰ 1 ਤੋਂ 2 ਵਜੇ ਤੱਕ ਇਸ ਚੌਕ ਵਿਚ ਮੌਤ ਨੂੰ ਸਾਫ ਦੇਖਿਆ ਜਾ ਸਕਦਾ ਹੈ। ਇਸ ਚੌਕ ਤੋਂ 5 ਰਸਤਿਆਂ ਦੀ ਟ੍ਰੈਫਿਕ ਨਿਕਲਦੀ ਹੈ ਅਤੇ ਇਸ ਸਮੇਂ ਦੇ ਦੌਰਾਨ ਸਕੂਲੀ ਬੱਚਿਆਂ ਦੀ ਜਾਨ ਜੋਖਮ ਵਿਚ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਤੋਂ ਛਾਉਣੀ ਜਾਣ ਵਾਲੀ ਸੜਕ 'ਤੇ ਜਾਣ, ਸ਼ਹਿਰ ਤੋਂ ਛਾਉਣੀ ਆਉਣ, ਸ਼ਹੀਦ ਅਨਿਲ ਬਾਗੀ ਹਸਪਤਾਲ ਵਾਲੀ ਸੜਕ 'ਤੇ ਜਾਣ, ਬਿਜਲੀ ਵਿਭਾਗ ਦੇ ਦਫਤਰ ਵਾਲੀ ਸੜਕ ਤੋਂ ਸ਼ਹਿਰ ਛਾਉਣੀ ਆਉਣ-ਜਾਣ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਤੇ ਸਰਕਾਰੀ ਸਕੂਲ ਲੜਕੇ ਫਿਰੋਜ਼ਪੁਰ ਸ਼ਹਿਰ ਦੇ ਵਿਦਿਆਰਥੀਆਂ ਦੇ ਆਉਣ-ਜਾਣ ਦੇ ਲਈ ਇਹ ਚੌਕ ਮੁੱਖ ਰਸਤਾ ਹੈ। ਸਕੂਲਾਂ ਵਿਚ ਛੁੱਟੀ ਸਮੇਂ ਇਸ ਚੌਕ 'ਤੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਹ ਹਾਦਸੇ ਕਿਸੇ ਵੀ ਸਮੇਂ ਬਹੁਤ ਵੱਡੀ ਜਾਨਲੇਵਾ ਘਟਨਾ ਦਾ ਕਾਰਨ ਬਣ ਸਕਦੇ ਹਨ।
ਸ਼ਹਿਰ 'ਚ ਵੱਡੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਦੀ ਮੰਗ
ਐੱਨ. ਜੀ. ਓ. ਅਤੇ ਯੁਵਾ ਭਾਜਪਾ ਆਗੂ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਸ਼ਹਿਰ ਵਿਚ ਵੱਡੇ ਅਤੇ ਭਾਰੀ ਓਵਰਲੋਡਿਡ ਵਾਹਨਾਂ ਦੀ ਐਂਟਰੀ 'ਤੇ ਬੈਨ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਨੂੰ ਅਜਿਹੇ ਵਾਹਨਾਂ ਦੇ ਚਲਾਨ ਕੱਟ ਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਹੋਵੇ, ਇਨ੍ਹਾਂ ਚੌਕਾਂ 'ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣ।
ਪ੍ਰੈੱਸ ਕਲੱਬ ਚੌਕ 'ਤੇ ਟ੍ਰੈਫਿਕ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣ
ਫਿਰੋਜ਼ਪੁਰ ਸ਼ਹਿਰ ਦੇ ਵਪਾਰੀ ਅਤੇ ਐੱਨ. ਜੀ. ਓ. ਜਨਿੰਦਰ ਗੋਇਲ ਨੇ ਕਿਹਾ ਕਿ ਪ੍ਰੈੱਸ ਕਲੱਬ ਚੌਕ, ਫਿਰੋਜ਼ਪੁਰ ਸ਼ਹਿਰ 'ਤੇ ਸਵੇਰੇ 7 ਤੋਂ 8 ਵਜੇ ਤੱਕ ਤੇ ਦੁਪਹਿਰ 1 ਤੋਂ 2 ਵਜੇ ਤੱਕ ਪੁਲਸ ਦੇ ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਜਾਣ ਅਤੇ ਫਿਰੋਜ਼ਪੁਰ ਦੇ ਸੇਂਟ ਜੋਸਫ ਕਾਨਵੈਂਟ ਸਕੂਲ, ਡੀ. ਸੀ. ਮਾਡਲ ਸਕੂਲ ਫਿਰੋਜ਼ਪੁਰ ਛਾਉਣੀ, ਦੇਵ ਸਮਾਜ ਕਾਲਜ ਫਿਰੋਜ਼ਪੁਰ ਸ਼ਹਿਰ ਅਤੇ ਰੇਲਵੇ ਪੁੱਲ ਫਿਰੋਜ਼ਪੁਰ 'ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ। ਪ੍ਰੈੱਸ ਕਲੱਬ ਚੌਕ ਅਤੇ ਸ਼ਹੀਦ ਉਧਮ ਸਿੰਘ ਚੌਕ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ। ਜੇਕਰ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਪੁਲਸ ਨੇ ਇਨ੍ਹਾਂ ਚੌਕਾਂ 'ਤੇ ਕੋਈ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਕੀਤੇ ਤੇ ਜੇਕਰ ਆਉਣ ਵਾਲੇ ਸਮੇਂ ਵਿਚ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਉਸਦੀ ਸਾਰੀ ਜ਼ਿੰਮੇਵਾਰੀ ਫਿਰੋਜ਼ਪੁਰ ਪ੍ਰਸ਼ਾਸਨ ਦੀ ਹੋਵੇਗੀ।
