ਸੜਕ ''ਤੇ ਚੈਕਿੰਗ ''ਚ ਵਪਾਰੀਆਂ ਨੂੰ ਮਿਲੇਗੀ ਰਾਹਤ
Monday, Feb 24, 2020 - 08:20 PM (IST)
ਖੰਨਾ, (ਸ਼ਾਹੀ, ਸੁਖਵਿੰਦਰ ਕੌਰ)— ਪੰਜਾਬ ਦੇ ਵਪਾਰੀਆਂ ਵੱਲੋਂ ਸੜਕ 'ਤੇ ਮਾਲ ਲੈ ਕੇ ਜਾ ਰਹੇ ਵਾਹਨਾਂ ਨੂੰ ਹੁਣ ਥਾਂ-ਥਾਂ 'ਤੇ ਰੋਕ ਕੇ ਚੈਕਿੰਗ ਤੋਂ ਰਾਹਤ ਮਿਲੇਗੀ, ਕਿਉਂਕਿ ਪੰਜਾਬ ਦੇ ਆਬਕਾਰੀ ਅਤੇ ਕਰ ਕਮਿਸ਼ਨਰ ਨੇ ਸੜਕ ਅਤੇ ਵਪਾਰਕ ਸੰਸਥਾਵਾਂ ਵਿਚ ਜਾ ਕੇ ਚੈਕਿੰਗ ਕਰਦੇ 13 ਵਿਚੋਂ 6 ਮੋਬਾਇਲ ਵਿੰਗ ਖਤਮ ਕਰ ਦਿੱਤੇ ਹਨ। ਵਿਭਾਗ ਵੱਲੋਂ 24 ਫਰਵਰੀ ਨੂੰ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਚੰਡੀਗੜ੍ਹ, ਫਤਿਹਗੜ੍ਹ ਸਾਹਿਬ ਮੰਡਲ ਦੇ ਅਧੀਨ ਆਉਂਦੇ ਮੋਹਾਲੀ, ਫਰੀਦਕੋਟ ਸਥਿਤ ਬਠਿੰਡਾ-2, ਹੁਸ਼ਿਆਰਪੁਰ ਸਥਿਤ ਜਲੰਧਰ-2, ਸ਼ੰਭੂ ਸਥਿਤ ਪਟਿਆਲਾ-2 ਅਤੇ ਮਾਧੋਪੁਰ ਸਥਿਤ ਅੰਮ੍ਰਿਤਸਰ-2 ਮੋਬਾਇਲ ਵਿੰਗਾਂ ਨੂੰ ਖਤਮ ਕਰ ਕੇ ਇਸ ਵਿਚ ਤਾਇਨਾਤ ਅਫਸਰ ਆਡਿਟ ਵਿਭਾਗ ਦਾ ਕੰਮ ਦੇਖਣਗੇ।
ਵਿਭਾਗ ਵੱਲੋਂ ਆਪਣੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਮੋਬਾਇਲ ਵਿੰਗ ਵਿਚ ਤਾਇਨਾਤ ਏ. ਈ. ਟੀ. ਸੀ. ਸ਼ਾਲਿਨ ਵਾਲੀਆ ਸਮੇਤ 5 ਈ. ਟੀ. ਓ. ਤੇ 7 ਇੰਸਪੈਕਟਰ, ਬਠਿੰਡਾ-2 ਮੰਡਲ ਵਿਚ ਫਰੀਦਕੋਟ ਸਥਿਤ ਮੋਬਾਇਲ ਵਿੰਗ ਵਿਚ ਤਾਇਨਾਤ 2 ਈ. ਟੀ. ਓ. ਤੇ 3 ਇੰਸਪੈਕਟਰ, ਜਲੰਧਰ -2 ਮੰਡਲ ਦੇ ਅਧੀਨ ਹੁਸ਼ਿਆਰਪੁਰ ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਰਣਧੀਰ ਕੌਰ ਸਣੇ 3 ਈ. ਟੀ. ਓ. ਅਤੇ 4 ਇੰਸਪੈਕਟਰ, ਪਟਿਆਲਾ-2 ਮੰਡਲ ਦੇ ਅਧੀਨ ਸ਼ੰਭੂ ਮੋਬਾਇਲ ਵਿੰਗ ਦੇ 4 ਈ. ਟੀ. ਓ. ਅਤੇ 7 ਇੰਸਪੈਕਟਰ, ਫਹਿਤਗੜ੍ਹ ਸਾਹਿਬ ਮੰਡਲ ਦੇ ਅਧੀਨ ਮੋਹਾਲੀ ਦੇ ਏ. ਈ. ਟੀ. ਸੀ. ਸ਼ਰਨਜੀਤ ਸਿੰਘ ਸਣੇ 4 ਈ. ਟੀ. ਓ. ਅਤੇ 6 ਇੰਸਪੈਕਟਰ, ਅੰਮ੍ਰਿਤਸਰ-2 ਮੰਡਲ ਦੇ ਅਧੀਨ ਮਾਧੋਪੁਰ ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਪੀ. ਐੱਮ. ਪਰਮਾਰ ਸਣੇ 3 ਈ. ਟੀ. ਓ. ਅਤੇ 6 ਇੰਸਪੈਕਟਰ ਨੂੰ ਰਵਨੀਤ ਖੁਰਾਣਾ ਵਧੀਕ ਕਮਿਸ਼ਨਰ (ਆਡਿਟ) ਦੇ ਅਧੀਨ ਨਿਯੁਕਤ ਕਰ ਕੇ ਆਡਿਟ ਦਾ ਕੰਮ ਸੌਂਪਿਆ ਗਿਆ ਹੈ।