ਜ਼ਿਲੇ ''ਚ ਵਿਕ ਰਹੇ ਮਿਲਾਵਟੀ ਅਤੇ ਨਕਲੀ ਦੁੱਧ ਨਾਲ ਵਪਾਰੀਆਂ ਦੀ ਹੋ ਰਹੀ ਹੈ ਚਾਂਦੀ
Thursday, Aug 31, 2017 - 05:02 AM (IST)

ਤਰਨਤਾਰਨ, (ਰਮਨ)- ਲੋਕਾਂ ਨੂੰ ਖਾਣ-ਪੀਣ ਵਾਲੀਆਂ ਜ਼ਿਆਦਾਤਰ ਮਿਲਾਵਟੀ ਵਸਤੂਆਂ ਬਾਜ਼ਾਰ ਵਿਚੋਂ ਮਿਲਣ ਕਾਰਨ ਉਨ੍ਹਾਂ ਨੂੰ ਭਿਆਨਕ ਬੀਮਾਰੀਆਂ ਜਕੜ ਰਹੀਆਂ ਹਨ, ਜਿਸ ਨਾਲ ਮਨੁੱਖੀ ਸਰੀਰ ਦੀ ਸਿਹਤ ਦਿਨ-ਬ-ਦਿਨ ਡਿਗਦੀ ਜਾ ਰਹੀ ਹੈ, ਜੋ ਦੇਸ਼ ਲਈ ਵੱਡਾ ਖਤਰਾ ਸਾਬਤ ਹੋ ਰਿਹਾ ਹੈ। ਬੱਚਿਆਂ ਨੂੰ ਉਨ੍ਹਾਂ ਦੀ ਚੰਗੀ ਸਿਹਤ ਲਈ ਡਾਕਟਰ ਦੁੱਧ ਵੱਧ ਤੋਂ ਵੱਧ ਪਿਲਾਉਣ ਲਈ ਅਪੀਲ ਕਰਦੇ ਹਨ ਪਰ ਅੱਜਕੱਲ ਬਾਜ਼ਾਰ ਵਿਚ ਮਿਲਾਵਟ ਵਾਲੇ ਦੁੱਧ ਦੇ ਨਾਲ-ਨਾਲ ਨਕਲੀ ਦੁੱਧ ਦੇ ਮਿਲਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਜ਼ਿਲੇ ਭਰ 'ਚ ਕੁਝ ਮੁਨਾਫਾਖੋਰਾਂ ਨੇ ਸਫੈਦ ਦੁੱਧ ਨੂੰ ਕਾਲਾ ਧੰਦਾ ਬਣਾ ਲਿਆ ਹੈ ਜੋ ਦੇਸ਼ ਦੇ ਭਵਿੱਖ ਨੂੰ ਤਰੱਕੀ ਦੇਣ ਦੀ ਬਜਾਏ ਹੇਠਲੇ ਪੱਧਰ 'ਤੇ ਲਿਜਾਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਇਹ ਕਾਲਾ ਧੰਦਾ ਕਰਨ ਵਾਲੇ ਵਪਾਰੀਆਂ ਦੀ ਦਿਨ-ਬ-ਦਿਨ ਚਾਂਦੀ ਹੋ ਰਹੀ ਹੈ।
ਕਿਸ ਤਰ੍ਹਾਂ ਬਣਦਾ ਹੈ ਨਕਲੀ ਦੁੱਧ
ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਕੁਝ ਮੁਨਾਫਾਖੋਰ ਆਪਣੇ ਦੁੱਧ ਦੇ ਇਸ ਕਾਲੇ ਧੰਦੇ ਨੂੰ ਦਿਨ-ਬ-ਦਿਨ ਵਧਾਉਣ ਵਿਚ ਲੱਗੇ ਹੋਏ ਹਨ ਅਤੇ ਲੋਕਾਂ ਵਿਚ ਬੀਮਾਰੀਆਂ ਪੈਦਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਨਕਲੀ ਦੁੱਧ ਨੂੰ ਬਣਾਉਣ ਲਈ ਪਹਿਲਾਂ ਯੂਰੀਆ ਅਤੇ ਰਿਫਾਈਂਡ ਤੇਲ ਨੂੰ ਆਪਸ ਵਿਚ ਪਾਣੀ ਦੀ ਮਦਦ ਨਾਲ ਘੋਲ ਤਿਆਰ ਕਰ ਲਿਆ ਜਾਂਦਾ ਹੈ ਅਤੇ ਫਿਰ ਇਸ ਵਿਚ ਕਾਸਟਿਕ ਸੋਡਾ ਅਤੇ ਸੈਂਟ ਮਿਲਾਉਣ ਤੋਂ ਬਾਅਦ ਨਕਲੀ ਦੁੱਧ ਤਿਆਰ ਹੋ ਜਾਂਦਾ ਹੈ। ਇਸ ਵਿਚ ਜ਼ਿਆਦਾ ਝੱਗ ਬਣਾਉਣ ਲਈ ਜਿੱਥੇ ਸਰਫ ਵਰਗੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ Àੁੱਥੇ ਨਕਲੀ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਸਟਿਕ ਸੋਡੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਭਗਵਾਨ ਨੂੰ ਵੀ ਨਕਲੀ ਦੁੱਧ ਦਾ ਕਰਨਾ ਪੈਂਦਾ ਹੈ ਇਸ਼ਨਾਨ
ਇਸ ਸਬੰਧੀ ਨਵੀਨ ਗੁਪਤਾ, ਨਰਿੰਦਰ ਪੁਰੀ, ਦਵਿੰਦਰ ਕੁਮਾਰ, ਵਿਸ਼ਾਲ ਗੁਪਤਾ, ਪਵਨ ਕੁਮਾਰ, ਪ੍ਰਮੋਦ ਚੱਢਾ, ਬਸੰਤ ਲਾਲ, ਰਾਜੇਸ਼ ਸ਼ਰਮਾ ਆਦਿ ਨੇ ਦੱਸਿਆ ਕਿ ਬਾਜ਼ਾਰ ਵਿਚ ਡੇਅਰੀਆਂ 'ਤੇ ਜ਼ਿਆਦਾਤਰ ਮਿਲਾਵਟੀ ਦੁੱਧ ਮਿਲਣ ਕਾਰਨ ਭਗਵਾਨ ਨੂੰ ਵੀ ਨਕਲੀ ਦੁੱਧ ਦਾ ਇਸ਼ਨਾਨ ਕਰਾਉਣ ਦਾ ਯੁਗ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲਾਵਟਖੋਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅੱਜਕੱਲ ਦੁੱਧ ਵਿਚ ਕਰੀਬ 30 ਫੀਸਦੀ ਤੱਕ ਪਾਣੀ ਦੀ ਮਿਲਾਵਟ ਕੀਤੀ ਜਾ ਰਹੀ ਹੈ।
ਕਿਵੇਂ ਹੁੰਦੀ ਹੈ ਚੰਗੇ ਦੁੱਧ ਦੀ ਪਛਾਣ
ਦੁੱਧ ਦਾ ਸਹੀ ਮਾਪਦੰਡ ਮਾਪਣ ਲਈ ਗ੍ਰੈਵਟੀ ਦਾ ਟੈਸਟ ਕੀਤਾ ਜਾਂਦਾ ਹੈ, ਜਿਸ ਵਿਚ ਮੱਝ ਦੇ ਦੁੱਧ ਦੀ ਗ੍ਰੈਵਟੀ ਸਹੀ ਮਾਤਰਾ ਵਿਚ 7 ਤੋਂ 8 ਹੋਣ ਤੇ ਉਸ ਨੂੰ ਪੀਣ ਯੋਗ ਮੰਨਿਆ ਜਾਂਦਾ ਹੈ ਪਰ ਅਸਲੀਅਤ ਵਿਚ ਇਹ ਮਾਤਰਾ ਕਿਸੇ ਵੀ ਡੇਅਰੀ 'ਤੇ ਨਹੀਂ ਪਾਈ ਜਾਂਦੀ। ਜ਼ਿਲੇ ਭਰ ਵਿਚ ਮੌਜੂਦ ਡੇਅਰੀਆਂ 'ਤੇ ਅੱਜਕੱਲ ਪਾਊਡਰ ਨਾਲ ਤਿਆਰ ਕੀਤਾ ਹੋਇਆ ਦੁੱਧ ਜੋ ਕਾਨੂੰਨ ਅਨੁਸਾਰ ਨਹੀਂ ਵੇਚਿਆ ਜਾ ਸਕਦਾ ਸ਼ਰੇਆਮ ਵਿਕ ਰਿਹਾ ਹੈ। ਇਸ ਦੁੱਧ ਨੂੰ ਇਕ ਕਿਲੋ ਪਾਊਡਰ ਨੂੰ ਦਸ ਕਿਲੋ ਪਾਣੀ ਵਿਚ ਘੋਲ ਕੇ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਆਸ-ਪਾਸ ਦੇ ਇਲਾਕਿਆਂ ਤੋਂ ਦੁੱਧ ਇੱਕਠਾ ਕਰਨ ਲਈ ਬਣਾਏ ਗਏ ਸਾਧਨਾਂ ਵਿਚ ਦੁੱਧ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਣ ਲਈ ਕੋਈ ਇੰਤਜ਼ਾਮ ਨਹੀਂ ਹਨ, ਜਿਸ ਕਾਰਨ ਉਹ ਬਰਫ ਦੀ ਮਿਲਾਵਟ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।